ਡੀਜੀਪੀ ਗੌਰਵ ਯਾਦਵ ਨੇ ਹੈਲਪਲਾਈਨ ਨੰਬਰ 112 ਦੀ ਕੀਤੀ ਸ਼ਲਾਘਾ, ਸ਼ਿਕਾਇਤਾਂ ਤੋਂ ਬਾਅਦ ਜਾਰੀ ਕੀਤਾ ਸੀ ਨੰਬਰ

ਪੰਜਾਬ ਦੇ ਡੀਜੀਪੀ ਨੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੈਲਪਲਾਈਨ ਨੰਬਰ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ, ਪੰਜਾਬ ਪੁਲਿਸ ਦੀ ਹੈਲਪਲਾਈਨ ਨੰਬਰ 112 ਨੇ ਕਈ ਲੋਕਾਂ ਦੇ ਮਸਲੇ ਹੱਲ ਕੀਤੇ ਹਨ। ਡੀਜੀਪੀ ਯਾਦਵ ਨੇ ਹੈਲਪਲਾਈਨ ਨੂੰ ਮਜ਼ਬੂਤ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਲਗਾਤਾਰ ਹੈਲਪਲਾਈਨ ਤੇ ਮਿਲ ਰਹੀਆਂ ਸ਼ਿਕਾਇਤਾਂ ਤੇ ਪੰਜਾਬ ਪੁਲਿਸ ਨੇ ਤੁਰੰਤ ਕੰਮ ਕੀਤਾ ਹੈ।
ਦੱਸ ਦਈਏ ਕਿ ਰੂਪਨਗਰ ਦੇ ਇੱਕ ਵਿਅਕਤੀ ਨੇ ਹੈਲਪਲਾਈਨ 112 ਤੇ ਸੰਪਰਕ ਕਰਕੇ ਕਿਹਾ ਸੀ ਕਿ ਉਸ ਦੀ ਧੀ ਗਰਭਵਤੀ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਸ ਨੂੰ ਤੁਰੰਤ ਐਂਬੂਲੈਂਸ ਮੁਹੱਈਆ ਕਰਵਾਈ ਜਾਵੇ। ਹੈਲਪਲਾਈਨ ਤੇ ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕੀਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫੋਨ ਕਰਨ ਵਾਲੇ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।
ਇਸੇ ਤਰ੍ਹਾਂ ਜਲੰਧਰ ਦੀ ਇੱਕ ਔਰਤ ਨੇ ਵੀ ਹੈਲਪਲਾਈਨ 181 ਤੇ ਸੰਪਰਕ ਕਰਕੇ ਇਲਜ਼ਾਮ ਲਾਇਆ ਕਿ ਉਸ ਦੇ ਗੁਆਂਢੀ ਨੇ ਉਸ ਦੀ ਕੁੱਟਮਾਰ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਕਸੂਰਵਾਰ ਨੇ ਆਪਣੀ ਗ਼ਲਤੀ ਮੰਨ ਲਈ ਤੇ ਆਪਸੀ ਗੱਲਬਾਤ ਤੋਂ ਬਾਅਦ ਦੋਵਾਂ ਵਿੱਚ ਸਮਝੌਤਾ ਹੋ ਗਿਆ। ਔਰਤ ਨੇ ਮਸਲਾ ਹੱਲ ਕਰਨ ਲਈ ਹੈਲਪਲਾਈਨ 181 ਦਾ ਧੰਨਵਾਦ ਕੀਤਾ ਹੈ।
ਕੁਝ ਦਿਨ ਪਹਿਲਾਂ ਪਠਾਨਕੋਟ ਦੇ ਇੱਕ ਵਿਅਕਤੀ ਨੇ ਵੀ ਹੈਲਪਲਾਈਨ ਤੇ ਸੰਪਰਕ ਕਰਕੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਕਾਰਵਾਈ ਤੋਂ ਬਾਅਦ ਸਹੁਰਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਵਾਅਦਾ ਕੀਤਾ ਕਿ ਭਵਿੱਖ ਵਿੱਚ ਕੁੜੀ ਨੂੰ ਤੰਗ ਨਹੀਂ ਕੀਤਾ ਜਾਵੇਗਾ।
ਸ਼ਿਕਾਇਤਕਰਤਾ ਨੇ ਇਸ ਦੇ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। 2 ਦਿਨ ਪਹਿਲਾਂ ਕਿਸੇ ਨੇ ਜਲੰਧਰ ਤੋਂ ਹੈਲਪਲਾਈਨ ਤੇ ਸੰਪਰਕ ਕੀਤਾ ਅਤੇ ਦੱਸਿਆ ਕਿ ਉਸ ਦੇ 2 ਬੱਚੇ ਹਨ ਜੋ ਕਿ ਘਰੋਂ ਲਾਪਤਾ ਹਨ। ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਬੱਚਿਆਂ ਦਾ ਪਤਾ ਲੱਗਾ ਕਿ ਉਹਨਾਂ ਨੂੰ ਮਾਪਿਆਂ ਨਾਲ ਮਿਲਾਇਆ। ਇਸ ਦੇ ਲਈ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ।