ਡਾਕਟਰਾਂ, ਨਰਸਾਂ ਸਮੇਤ ਮੈਡੀਕਲ ਸਟਾਫ਼ ਦੀ ਪੀਐਮ ਮੋਦੀ ਨੇ ਕੀਤੀ ਸ਼ਲਾਘਾ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਫਰੰਟਲਾਈਨ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ, “ਕਾਸ਼ੀ ਦੇ ਸੇਵਾਦਾਰ ਹੋਣ ਦੇ ਨਾਤੇ, ਮੈਂ ਹਰ ਕਾਸ਼ੀ ਨਿਵਾਸੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਖ਼ਾਸਕਰ ਸਾਡੇ ਡਾਕਟਰਾਂ, ਨਰਸਾਂ, ਵਾਰਡ ਲੜਕਿਆਂ ਤੇ ਐਂਬੂਲੈਂਸ ਡਰਾਈਵਰਾਂ ਵੱਲੋਂ ਕੀਤਾ ਕੰਮ ਸੱਚਮੁੱਚ ਸ਼ਲਾਘਾਯੋਗ ਹੈ।” ਉਹਨਾਂ ਅੱਗੇ ਕਿਹਾ ਕਿ, “ਵਾਇਰਸ ਨੇ ਸਾਡੇ ਬਹੁਤ ਸਾਰੇ ਅਜ਼ੀਜ਼ਾਂ ਨੂੰ ਸਾਡੇ ਤੋਂ ਖੋਹ ਲਿਆ ਹੈ। ਮੈਂ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਾ ਹਾਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਾ ਹਾਂ।
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਸਾਨੂੰ ਕਈ ਮੋਰਚਿਆਂ ਤੇ ਇਕੱਠੇ ਲੜਨਾ ਪਵੇਗਾ। ਇਸ ਵਾਰ ਲਾਗ ਦੀ ਦਰ ਵੀ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਮਰੀਜ਼ਾਂ ਨੂੰ ਹਸਪਤਾਲ ਵਿੱਚ ਲੰਬੇ ਸਮੇਂ ਲਈ ਰਹਿਣਾ ਪੈਂਦਾ ਹੈ। ਇਸ ਨੇ ਸਾਡੀ ਸਿਹਤ ਪ੍ਰਣਾਲੀ ਤੇ ਦਬਾਅ ਪਾਇਆ ਹੈ।” ਉਹਨਾਂ ਅੱਗੇ ਕਿਹਾ ਕਿ, “ਇਸ ਅਸਧਾਰਨ ਸਥਿਤੀ ਵਿੱਚ ਵੀ ਸਾਡੇ ਡਾਕਟਰਾਂ, ਸਿਹਤ ਕਰਮਚਾਰੀਆਂ ਦੀ ਵੱਡੀ ਲਗਨ ਨਾਲ ਹੀ ਇਸ ਦਬਾਅ ਨੂੰ ਸੰਭਾਲਣਾ ਸੰਭਵ ਹੋਇਆ ਹੈ।
ਤੁਸੀਂ ਸਾਰਿਆਂ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਹਰੇਕ ਮਰੀਜ਼ ਦੀ ਜਾਨ ਬਚਾਈ। ਅਪਣੀ ਤਕਲੀਫ਼, ਆਰਾਮ ਸਭ ਤੋਂ ਉੱਪਰ ਉਠ ਕੇ ਜੀ-ਜਾਨ ਨਾਲ ਕੰਮ ਕੀਤਾ ਹੈ। ਮਾਈਕਰੋ-ਕੰਟੇਨਮੈਂਟ ਜ਼ੋਨ ਬਣਾ ਕੇ ਜਿਸ ਤਰੀਕੇ ਨਾਲ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ-ਘਰ ਦਵਾਈ ਵੰਡੀ ਜਾ ਰਹੀ ਹੈ ਇਹ ਇੱਕ ਬਹੁਤ ਵਧੀਆ ਪਹਿਲ ਹੈ। ਇਹ ਮੁਹਿੰਮ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਵਿਆਪਕ ਹੋਣੀ ਚਾਹੀਦੀ ਹੈ।”
