ਟਰੈਕਟਰ ਪਰੇਡ ‘ਚ ਹਿੰਸਾ ਤੋਂ ਬਾਅਦ ਗ੍ਰਹਿ ਵਿਭਾਗ ਦੀ ਹੋਈ ਬੈਠਕ, ਅਮਿਤ ਸ਼ਾਹ ਨੇ ਲਏ ਵੱਡੇ ਫੈਸਲੇ

ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਕਈ ਥਾਵਾਂ ‘ਤੇ ਹਿੰਸਾ ਹੋਈ। ਇਸ ਦੌਰਾਨ ਬਹੁਤ ਸਾਰੇ ਕਿਸਾਨ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਿਸਾਨਾਂ ਦੇ ਇੱਕ ਸਮੂਹ ਨੇ ਲਾਲ ਕਿਲ੍ਹੇ ‘ਤੇ ਆਪਣਾ ਝੰਡਾ ਲਹਿਰਾਇਆ। ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਾਈ ਅਲਰਟ ਦੇ ਆਦੇਸ਼ ਜਾਰੀ ਕਰਦਿਆਂ ਡੀਜੀਪੀ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿਹਾ ਹੈ। ਕਿਸਾਨ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਵਿਭਾਗ ਨੇ ਅਰਧ ਸੈਨਿਕ ਬਲਾਂ ਦੀਆਂ 15 ਕੰਪਨੀਆਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ।
ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰਾਤ 11:59 ਵਜੇ ਤੱਕ ਸਿੰਘੁ, ਗਾਜੀਪੁਰ, ਟਿੱਕਰੀ, ਮੁਕਰਬਾ ਚੌਕ, ਨੰਗਲੋਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਜਾਣਗੀਆਂ। ਦਿੱਲੀ ਮੈਟਰੋ ਗ੍ਰੇ ਲਾਈਨ ਦੇ ਸਾਰੇ ਸਟੇਸ਼ਨਾਂ ਦੇ ਐਂਟਰੀ / ਐਗਜ਼ਿਟ ਗੇਟ ਬੰਦ ਹਨ।
ਜਾਮਾ ਮਸਜਿਦ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰ / ਦਰਵਾਜ਼ੇ ਬੰਦ ਹਨ। ਦਿਲਸ਼ਾਦ ਗਾਰਡਨ, ਝਿਲਮਿਲ ਅਤੇ ਮਾਨਸਰੋਵਰ ਪਾਰਕ ਮੈਟਰੋ ਸਟੇਸ਼ਨ ਦੇ ਪ੍ਰਵੇਸ਼ / ਨਿਕਾਸ ਫਾਟਕ ਬੰਦ ਹਨ। ਜੇਕਰ ਕਿਸੇ ਸ਼ਖਸ ਨੂੰ ਆਈਟੀਓ ਤੋਂ ਨਵੀਂ ਦਿੱਲੀ ਸ਼ਾਸਤਰੀ ਭਵਨ ਜਾਂ ਆਸ ਪਾਸ ਜਾਂ ਦੱਖਣੀ ਦਿੱਲੀ ਜਾਣਾ ਪੈਂਦਾ ਹੈ, ਤਾਂ ਉਸਨੂੰ ਆਈਟੀਓ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਰਾਹੀਂ ਝੰਡੇਵਾਲਾ ਮੈਟਰੋ ਆਉਣਾ ਪਏਗਾ, ਉਸ ਤੋਂ ਬਾਅਦ ਰਿਜ਼ ਰੋਡ ਹੁੰਦਿਆਂ ਏਮਜ਼ ਰਿੰਗ ਰੋਡ ਉਤੇ ਆਉਣਾ ਹੋਵੇਗਾ।
ਉਸ ਤੋਂ ਬਾਅਦ ਤੁਸੀਂ ਨਵੀਂ ਦਿੱਲੀ ਜਾਂ ਦੱਖਣੀ ਦਿੱਲੀ ਪਹੁੰਚ ਸਕਦੇ ਹੋ। ਮੀਟਿੰਗ ਵਿਚ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਵਿਚ ਹਿੰਸਾ ਬਾਰੇ ਅਪਡੇਟ ਦਿੱਤੀ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੀ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਦਿੱਲੀ-ਐਨਸੀਆਰ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਕਈ ਇਲਾਕਿਆਂ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
