News

ਟਰਾਂਸਪੋਰਟ ਮਾਫ਼ੀਏ ਦੇ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕੋਈ ਲੀਡਰ ਹੀ ਹੋਵੇ: ਰਾਜਾ ਵੜਿੰਗ

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਆਮਦਨ ਦਿਨੋਂ-ਦਿਨ ਵੱਧ ਰਹੀ ਹੈ, ਜੋ ਹੁਣ 100.48 ਲੱਖ ਰੁਪਏ ਰੋਜ਼ਾਨਾ ਪੁੱਜ ਚੁੱਕੀ ਹੈ। ਟੈਕਸ ਚੋਰਾਂ, ਗੈਰ ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਅਪਰੇਟਰਾਂ ਨੂੰ ਨੱਥ ਪਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਤੋਂ ਵੀ ਵੱਧ ਦਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਵਿਭਾਗ ਦੀ ਪਿਛਲੇ ਦੋ ਮਹੀਨੇ ਦੀ ਆਮਦਨ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਤੰਬਰ 2021 ਵਿੱਚ ਪੀਆਰਟੀਸੀ ਦੀ ਆਮਦਨ 39.01 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼ ਦੀ ਆਮਦਨ 34.15 ਕਰੋੜ ਰੁਪਏ ਸੀ, ਜੋ ਅਕਤੂਬਰ ਮਹੀਨੇ ਦੌਰਾਨ ਵਧ ਕੇ ਕ੍ਰਮਵਾਰ 54.74 ਕਰੋੜ ਰੁਪਏ ਅਤੇ 49.57 ਕਰੋੜ ਰੁਪਏ ਹੋ ਗਈ। ਰਾਜਾ ਵੜਿੰਗ ਨੇ ਕਿਹਾ ਕਿ ਦੋਵਾਂ ਅਦਾਰਿਆਂ ਦੀ ਸਤੰਬਰ ਮਹੀਨੇ ਦੀ ਕੁੱਲ 73.16 ਕਰੋੜ ਦੀ ਆਮਦਨ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ 42.57 ਫ਼ੀਸਦੀ ਦੇ ਵਾਧੇ ਨਾਲ ਇਹ ਕਮਾਈ 104.31 ਕਰੋੜ ਰੁਪਏ ਰਹੀ।

ਉਹਨਾਂ ਦੱਸਿਆ ਕਿ ਦੋਵਾਂ ਅਦਾਰਿਆਂ ਤੋਂ ਅੱਜ ਦੇ ਦਿਨ ਤੱਕ ਦੀ ਰੋਜ਼ਾਨਾ ਆਮਦਨ 100.48 ਲੱਖ ਰੁਪਏ ਹੋ ਰਹੀ ਹੈ। ਵਿਭਾਗ ਦੀ ਵਧੀ ਆਮਦਨ ਦੀ ਪਿਛਲੇ ਸਮੇਂ ਨਾਲ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ 10 ਸਾਲਾ ਕਾਰਜਕਾਲ ਸਮੇਤ ਬੱਸ ਮਾਫ਼ੀਆ ਨਾਲ ਅੰਦਰਖਾਤੇ ਯਾਰੀ ਪੁਗਾਉਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਦੀ ਸਮਝੌਤਾਵਾਦੀ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰੇਆਮ ਲੁੱਟ ਹੈ।”

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ, “ਰਾਜ ਨਹੀਂ ਸੇਵਾ” ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਲੁੱਟਣ ਦੇ ਮਾਮਲੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਮਾਤ ਪਾਈ ਹੈ। ਵੜਿੰਗ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੂਰੀਆ ਕਾਂਤ ਵੱਲੋਂ ਸਾਲ 2021 ਵਿੱਚ ਮਲਟੀਪਲ ਪਰਮਿਟਾਂ ਦੇ ਗੈਰ-ਕਾਨੂੰਨੀ ਵਿਸਥਾਰ ਵਿਰੁਧ ਸੁਣਾਏ ਫ਼ੈਸਲੇ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕੀਤਾ ਗਿਆ।

ਉਹਨਾਂ ਕਿਹਾ ਕਿ, ਹੁਣ ਜਦੋਂ ਅਸੀਂ ਇਸ ਫ਼ੈਸਲੇ ਨੂੰ ਹੂ-ਬਹੂ ਕਰਕੇ ਕਰੀਬ 1 ਲੱਖ ਕਿਲੋਮੀਟਰ ਤੋਂ ਵੱਧ ਦੇ ਗੈਰ-ਕਾਨੂੰਨੀ ਵਿਸਥਾਰ ਵਾਲੇ 680 ਮਲਟੀਪਲ ਪਰਮਿਟ ਰੱਦ ਕੀਤੇ ਹਨ ਤਾਂ ਸੂਬਾ ਸਰਕਾਰ ਨੂੰ ਅਕਤੂਬਰ ਮਹੀਨੇ ਦੌਰਾਨ 42 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਰੀਬ 42 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਣਾ ਸ਼ੁਰੂ ਹੋਇਆ ਹੈ। ਵੜਿੰਗ ਨੇ ਕਿਹਾ ਕਿ, ਜੇ ਗੈਰ-ਕਾਨੂੰਨੀ ਵਾਧੇ ਵਾਲੇ ਪਰਮਿਟਾਂ ਨੂੰ ਸਾਲ 2012 ਤੋਂ ਲੈ ਕੇ 2021 ਦੇ ਅਰਸੇ ਦੌਰਾਨ ਰੱਦ ਕੀਤਾ ਜਾਂਦਾ ਤਾਂ ਰੋਜ਼ਾਨਾ 42 ਲੱਖ ਰੁਪਏ ਦੇ ਹਿਸਾਬ ਨਾਲ 9 ਵਰ੍ਹਿਆਂ ਦੇ 3285 ਦਿਨਾਂ ਦੀ ਕਰੀਬ 1380 ਕਰੋੜ ਰੁਪਏ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਾਂਦੀ ਅਤੇ ਲੋਕਾਂ ਦੀ ਭਲਾਈ ਤੇ ਖਰਚੀ ਜਾਂਦੀ।

ਰਾਜਾ ਵਾੜਿੰਗ ਨੇ ਕਿਹਾ ਕਿ ਇਸ ਤਰ੍ਹਾਂ ਕੁੱਲ 6580 ਕਰੋੜ ਰੁਪਏ ਦੀ ਰਕਮ ਸਿੱਧੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਕੇ ਬੱਸ ਮਾਫ਼ੀਆ ਨਾਲ ਗੰਢਤੁੱਪ ਵਾਲੇ ਸਿਆਸਤਦਾਨਾਂ ਤੇ ਮਾਫ਼ੀਆ ਗਠਜੋੜ ਵੱਲੋਂ ਆਪਣੀਆਂ ਜੇਬਾਂ ਵਿੱਚ ਪਾਈ ਗਈ। ਉਹਨਾਂ ਕਿਹਾ ਕਿ, ਜੇ 6600 ਕਰੋੜ ਰੁਪਏ ਵਿੱਚ ਗਏ ਹੁੰਦੇ ਤਾਂ ਇਸ ਨਾਲ 24000 ਨਵੀਆਂ ਬੱਸਾਂ ਖ਼ਰੀਦੀਆਂ ਜਾ ਸਕਦੀਆਂ ਸਨ ਅਤੇ ਇਹਨਾਂ ਬੱਸਾਂ ਲਈ 50,000 ਡਰਾਈਵਰ-ਕੰਡਕਟਰ ਅਤੇ ਸਟਾਫ਼ ਭਰਤੀ ਕੀਤੇ ਜਾ ਸਕਦੇ ਸੀ, ਟਰਾਂਸਪੋਰਟ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਅਥਾਹ ਸੁਧਾਰ ਲਿਆਂਦਾ ਜਾ ਸਕਦਾ ਸੀ ਅਤੇ ਸੂਬੇ ਦੇ ਹਰ ਪਿੰਡ ਤੋਂ 2 ਨਵੀਆਂ ਚਲਾਈਆਂ ਜਾ ਸਕਦੀਆਂ ਸਨ।

ਰਾਜਾ ਵੜਿੰਗ ਨੇ ਕਿਹਾ ਕਿ, ਇਸ ਘਪਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ, ਚਾਹੇ ਕੋਈ ਆਗੂ ਹੋਵੇ ਜਾਂ ਅਧਿਕਾਰੀ, ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ, ਵਿਭਾਗ ਵੱਲੋਂ ਹੁਣ ਤੱਕ ਬਿਨਾਂ ਟੈਕਸ ਭਰੇ ਚੱਲਣ ਵਾਲੀਆਂ, ਬਿਨਾਂ ਪਰਮਿਟ ਤੇ ਹੋਰ ਉਲੰਘਣਾਵਾਂ ਕਰਕੇ 304 ਬੱਸਾਂ ਜ਼ਬਤ ਕੀਤੀਆਂ ਗਈਆਂ ਹਨ, ਜਦਕਿ 64 ਬੱਸਾਂ ਦੇ ਚਲਾਨ ਕੱਟੇ ਗਏ ਹਨ।

ਉਹਨਾਂ ਕਿਹਾ ਕਿ, ਵਿਭਾਗ ਵੱਲੋਂ ਵਰਤੀ ਸਖ਼ਤੀ ਕਾਰਨ ਹੁਣ ਤਕ 7 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਈ ਹੈ। ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੀਆਰਟੀਸੀ ਦੀਆਂ 1100 ਅਤੇ ਪੰਜਾਬ ਰੋਡਵੇਜ਼ 1550 ਬੱਸਾਂ ਸੂਬੇ ਦੀਆਂ ਸੜਕਾਂ ਤੇ ਚੱਲ ਰਹੀਆਂ ਹਨ, ਜਿਹਨਾਂ ਵਿੱਚ ਛੇਤੀ ਹੀ 842 ਹੋਰ ਨਵੀਆਂ ਬੱਸਾਂ ਸ਼ਾਮਲ ਹੋਣਗੀਆਂ।

Click to comment

Leave a Reply

Your email address will not be published.

Most Popular

To Top