ਟਰਾਂਸਪੋਰਟਰਾਂ ਤੋਂ PCS ਅਧਿਕਾਰੀ ਲੈਂਦਾ ਸੀ ‘ਮਹੀਨਾ’, ਹੁਣ ਆਇਆ ਵਿਜੀਲੈਂਸ ਦੇ ਅੜ੍ਹਿੱਕੇ

 ਟਰਾਂਸਪੋਰਟਰਾਂ ਤੋਂ PCS ਅਧਿਕਾਰੀ ਲੈਂਦਾ ਸੀ ‘ਮਹੀਨਾ’, ਹੁਣ ਆਇਆ ਵਿਜੀਲੈਂਸ ਦੇ ਅੜ੍ਹਿੱਕੇ

ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਖੇਤਰੀ ਟਰਾਂਸਪੋਰਟ ਅਥਾਰਟੀ ਵਜੋਂ ਤਾਇਨਾਤ ਪੰਜਾਬ ਸਿਵਲ ਸਰਵਿਸਿਜ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਸੰਗਠਿਤ ਜ਼ੁਰਮ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਿੱਜੀ ਵਿਅਕਤੀਆਂ ਰਾਹੀਂ ਟਰਾਂਸਪੋਰਟਾਂ ਤੋਂ ਰਿਸ਼ਵਤ ਵਸੂਲਦਾ ਸੀ।

The Craftsmen

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਖਿਲਾਫ਼ ਐਕਸ਼ਨ ਲਾਈਨ ਤੇ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਹ ਹਰ ਮਹੀਨੇ ਲੁਧਿਆਣਾ ਵਿਖੇ ਵੱਖ-ਵੱਖ ਟਰਾਂਸਪੋਰਟਾਂ ਤੋਂ ਉਹਨਾਂ ਦੇ ਵਾਹਨਾਂ ਦੇ ਚਲਾਨ ਜਾਰੀ ਨਾ ਕਰ ਦੇ ਬਦਲੇ ਕੁਝ ਨਿੱਜੀ ਵਿਅਕਤੀਆਂ ਰਾਹੀਂ ਰਿਸ਼ਵਤ ਵਸੂਲਦਾ ਸੀ।

ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਸਤਨਾਮ ਸਿੰਘ ਧਵਨ ਵਾਸੀ ਪਿੰਡ ਮਾਣਕਵਾਲ, ਜ਼ਿਲ੍ਹਾ ਲੁਧਿਆਣਾ ਨੇ ਉਕਤ ਆਰਟੀਏ ਨਾਲ ਜੁੜੇ ਪੰਜਾਬ ਹੋਮ ਗਾਰਡਜ ਵਲੰਟੀਅਰ ਬਹਾਦਰ ਸਿੰਘ ਦੀਆਂ ਵੀਡੀਓ ਕਲਿੱਪਾਂ ਸਮੇਤ ਇਸ ਹੈਲਪਲਾਈਨ ਤੇ ਆਰਟੀਏ ਲੁਧਿਆਣਾ ਦੇ ਖਿਲਾਫ਼ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।

ਵਿਜੀਲੈਂਸ ਦੀ ਟੀਮ ਨੇ ਉਪਰੋਕਤ ਸ਼ਿਕਾਇਤ ਵਿਚਲੇ ਸਬੂਤਾਂ ਅਤੇ ਤੱਥਾਂ ਦੀ ਤਸਦੀਕ ਕੀਤੀ ਜੋ ਸਹੀ ਪਾਈ ਗਈ ਹੈ। ਇਸ ਸਬੰਧੀ ਜਾਂਚ ਵਿੱਚ ਪਾਇਆ ਗਿਆ ਕਿ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਉਹਨਾਂ ਦੇ ਵਾਹਨਾਂ ਦੇ ਚਲਾਨ ਨਾ ਜਾਰੀ ਕਰਨ ਲਈ ਵੱਖ-ਵੱਖ ਟਰਾਂਸਪੋਰਟਰਾਂ ਤੋਂ ਕੁਝ ਨਿੱਜੀ ਵਿਅਕਤੀਆਂ ਰਾਹੀਂ ਮਹੀਨਾਵਾਰ ਰਿਸ਼ਵਤ ਦੀ ਰਕਮ ਵਸੂਲਦਾ ਸੀ।

ਇਹ ਵੀ ਪਤਾ ਲੱਗਿਆ ਹੈ ਕਿ ਦਸੰਬਰ ਮਹੀਨੇ ਵਿੱਚ ਉਸ ਨੇ 4 ਲੱਖ ਰੁਪਏ ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਜਿਸ ਵਿਚੋਂ 1,70,000 ਰੁਪਏ ਖੁਦ ਵਰਤੇ ਅਤੇ ਬਾਕੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਹੋਮ ਗਾਰਡ ਵਲੰਟੀਅਰ ਬਹਾਦਰ ਸਿੰਘ ਨੂੰ ਸੌਂਪ ਦਿੱਤੀ। ਪੜਤਾਲ ਦੌਰਾਨ ਹੋਮ ਗਾਰਡ ਵਲੰਟੀਅਰ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਆਰਟੀਏ ਦਾ ਅਧੀਨ ਕਰਮਚਾਰੀ ਹੈ ਅਤੇ ਉਸ ਨੂੰ ਆਰਟੀਏ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਉਹ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਪੇਸ਼ ਕਰ ਸਕਦਾ ਹੈ।

ਇਸ ਸਬੰਧੀ ਐਫਆਈਆਰ ਨੰ. 01 ਮਿਤੀ 6.1.2023 ਨੂੰ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 8 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਓਰੋ ਰੇਂਜ ਦੇ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਅੱਜ ਪੀਐਚਜੀ ਬਹਾਦਰ ਸਿੰਘ ਨੇ ਦੋਸ਼ੀ ਆਰਟੀਏ ਵੱਲੋਂ ਸੌਪੀ 2,30,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਅੱਜ ਵਿਜੀਲੈਂਸ ਬਿਊਰੋ ਦੇ ਦਫਤਰ ਵਿੱਚ ਪੇਸ਼ ਕਰ ਦਿੱਤੀ। ਹੁਣ ਉਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

Leave a Reply

Your email address will not be published. Required fields are marked *