ਝੋਨੇ ਦੀ ਫ਼ਸਲ ’ਤੇ ਮੀਂਹ ਦੀ ਮਾਰ, ਤੇਜ਼ ਮੀਂਹ ਕਾਰਨ ਵਿੱਛੀਆਂ ਫ਼ਸਲਾਂ

 ਝੋਨੇ ਦੀ ਫ਼ਸਲ ’ਤੇ ਮੀਂਹ ਦੀ ਮਾਰ, ਤੇਜ਼ ਮੀਂਹ ਕਾਰਨ ਵਿੱਛੀਆਂ ਫ਼ਸਲਾਂ

ਪੰਜਾਬ ਵਿੱਚ ਪੈ ਰਹੇ ਬੇਮੌਸਮੀ ਮੀਂਹ ਤੇ ਕਾਰਨ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ਤੇ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਛ ਗਈ ਹੈ। ਇਸ ਨਾਲ ਝਾੜ ਤੇ ਸਿੱਧਾ ਅਸਰ ਪੈ ਸਕਦਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਮੀਂਹ ਨੇ ਸਮੁੱਚੇ ਸੂਬੇ ਨੂੰ ਜਲ-ਥਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਐਤਵਾਰ ਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ 27 ਤੇ 28 ਸਤੰਬਰ ਨੂੰ ਮੌਸਮ ਖੁਸ਼ਕ ਰਹਿ ਸਕਦਾ ਹੈ।

ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਸੂਬੇ ਵਿਚ ਬੱਦਲਾਂ ਦੀ ਗਰਜ ਤੇ ਚਮਕ ਬਣੀ ਰਹੇਗੀ। ਇਸੇ ਤਰ੍ਹਾਂ ਮਾਝੇ ਵਿਚ ਹਲਕੀ ਤੇ ਦੋਆਬੇ ਤੇ ਮਾਲਵੇ ਵਿਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਉਧਰ, ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਹੁਣ ਪਛੜਣ ਦਾ ਖ਼ਦਸ਼ਾ ਹੈ। ਨਮੀ ਵਧਣ ਕਰਕੇ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਹ ਵੀ ਖ਼ਦਸ਼ਾ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਮੌਕੇ ਨਵੇਂ ਅੜਿੱਕੇ ਖੜ੍ਹੇ ਕਰ ਸਕਦੀ ਹੈ। ਇਸ ਸੰਬੰਧੀ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਦੀ ਹੋ ਰਹੀ ਕਿਣਮਿਣ ਅਤੇ ਹੁਣ ਪੈ ਰਹੇ ਤੇਜ਼ ਮੀਂਹ ਕਾਰਨ ਝੋਨੇ ਦੀ ਫ਼ਸਲ ਕਾਫੀ ਪ੍ਰਭਾਵਿਤ ਹੋਵੇਗੀ ਕਿਉਂਕਿ ਝੋਨੇ ਦੀ ਫ਼ਸਲ ਨੂੰ ਬੂਰ ਪੈ ਚੁੱਕਾ ਹੈ ਅਤੇ ਇਸ ਬਰਸਾਤ ਕਰਕੇ ਫ਼ਸਲ ਦਾ ਦਾਣਾ ਕਮਜ਼ੋਰ ਰਹਿ ਜਾਵੇਗਾ ਜਿਸ ਕਰਕੇ ਝਾੜ ਤੇ ਕਾਫੀ ਕਮੀ ਆਵੇਗੀ।

ਪੰਜਾਬ ਦੇ ਰੂਪਨਗਰ, ਸੰਗਰੂਰ, ਬਰਨਾਲਾ ਅਤੇ ਪਟਿਆਲਾ ਵਿੱਚ ਵੀ ਭਾਰੀ ਮੀਂਹ ਪਿਆ ਹੈ। ਹੁਣ ਠੰਢ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਇਲਾਵਾ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ ਹੈ।

Leave a Reply

Your email address will not be published.