ਝੋਨੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢਿਆ ਨਵਾਂ ਫਾਰਮੂਲਾ, ਪਾਣੀ ਦੀ ਨਹੀਂ ਹੋਵੇਗੀ ਘਾਟ

ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਲਵਾਈ ਸ਼ੁਰੂ ਹੋਣ ਵਾਲੀ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਪੰਜਾਬ ਵਿੱਚ ਝੋਨੇ ਦੀ ਲਵਾਈ ਸਮੁੱਚੇ ਪੰਜਾਬ ਵਿੱਚ ਇੱਕੋ ਸਮੇਂ ਸ਼ੁਰੂ ਨਹੀਂ ਹੋਵੇਗੀ, ਸਗੋਂ ਜ਼ੋਨਾਂ ਤਹਿਤ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਲਵਾਈ ਮੌਕੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਨਵਾਂ ਤਜ਼ਰਬਾ ਕੀਤਾ ਹੈ।

ਜਾਣਕਾਰੀ ਮੁਤਾਬਕ ਖੇਤੀ ਵਿਭਾਗ ਨੇ ਖਾਕਾ ਤਿਆਰ ਕੀਤਾ ਹੈ ਪਹਿਲੇ ਗੇੜ ਵਿੱਚ 18 ਜੂਨ ਤੋਂ 6 ਜ਼ਿਲ੍ਹਿਆਂ ਵਿੱਚ, ਦੂਜੇ ਗੇੜ ਵਿੱਚ 20 ਜੂਨ ਤੋਂ ਹੋਰ 6 ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਤੀਜੇ ਗੇੜ ਵਿੱਚ 22 ਜੂਨ ਤੋਂ 6 ਜ਼ਿਲ੍ਹਿਆਂ ਵਿੱਚ ਤੇ 24 ਜੂਨ ਤੋਂ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਝੋਨਾ ਲਾਇਆ ਜਾਵੇਗਾ। ਇਸ ਤਹਿਤ ਮਾਲਵਾ ਖਿੱਤੇ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲਵਾਈ ਕਰਨ ਨਾਲ ਬਿਜਲੀ ਦੀ ਮੰਗ ਇਕਦਮ ਨਹੀਂ ਵਧੇਗੀ ਤੇ ਸਰਕਾਰ ਇਸ ਤਰ੍ਹਾਂ ਬਿਜਲੀ ਸੰਕਟ ਨੂੰ ਵੀ ਟਾਲ ਸਕੇਗੀ। ਸਰਕਾਰ ਦਾ ਤਰਕ ਹੈ ਕਿ ਇੰਝ ਲੇਬਰ ਦਾ ਸੰਕਟ ਵੀ ਘਟੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੀ ਬਿਜਾਈ ਪ੍ਰਤੀ ਕਾਫ਼ੀ ਰੁਚੀ ਵਿਖਾਈ ਜਾ ਰਹੀ ਹੈ।
