ਜੰਗਲਾਤ ਜ਼ਮੀਨ ਘੁਟਾਲੇ ‘ਚ ‘ਆਪ’ ਦੇ ਸਾਬਕਾ ਵਿਧਾਇਕ ਦਾ ਨਾਮ ਵੀ ਚਰਚਾ ’ਚ

 ਜੰਗਲਾਤ ਜ਼ਮੀਨ ਘੁਟਾਲੇ ‘ਚ ‘ਆਪ’ ਦੇ ਸਾਬਕਾ ਵਿਧਾਇਕ ਦਾ ਨਾਮ ਵੀ ਚਰਚਾ ’ਚ

ਜੰਗਲਾਤ ਜ਼ਮੀਨ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਨਾਮ ਵੀ ਚਰਚਾ ਬਣਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੰਦੋਆ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਇਸ ਲਈ ਉਹਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੇ ਪਿੰਡ ਕਰੂਰਾਂ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ 10 ਗੁਣਾ ਵੱਧ ਕੀਮਤ ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਸੇਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੱਕ ਪੁੱਜ ਗਿਆ ਹੈ।

ਇਸ ਤੋਂ ਇਲਾਵਾ ਇਨੋਵਾ ਕ੍ਰਿਸਟਾ ਕਾਰ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਇਸ ਸਬੰਧੀ ਸੰਦੋਆ ਦਾ ਕਹਿਣਾ ਹੈ ਕਿ, “ਇਹ ਸਭ ਉਹਨਾਂ ਦੇ ਵਿਰੋਧੀਆਂ ਦੀ ਸਾਜਿਸ਼ ਹੈ ਤੇ ਉਹ ਬੇਕਸੂਰ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਸਮਝਾ ਚੁੱਕੇ ਹਨ।” ਉਹਨਾਂ ਕਿਹਾ ਕਿ, “ਇਨੋਵਾ ਗੱਡੀ ਉਹਨਾਂ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ ਪਰ ਉਹਨਾਂ ਨੇ ਕਦੇ ਆਪਣੇ ਸਹੁਰਿਆਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ।”

ਦੱਸ ਦਈਏ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਖੁਲਾਸਾ ਕੀਤਾ ਹੈ ਕਿ ਇਹ ਕਾਰ ਸੰਦੋਆ ਦੇ ਇੱਕ ਰਿਸ਼ਤੇਦਾਰ ਨੇ ਖਰੀਦੀ ਸੀ ਤੇ ਇਸ ਦੀ ਅਦਾਇਗੀ ਇਸ ਘੁਟਾਲੇ ਦੇ ਇੱਕ ਮੁਲਜ਼ਮ ਵੱਲੋਂ ਸਿੱਧੀ ਕਾਰ ਡੀਲਰ ਨੂੰ ਕੀਤੀ ਗਈ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮਾਮਲੇ ਵਿੱਚ ਨਾਮਜ਼ਦ ਭਿੰਡਰ ਭਰਾਵਾਂ ਨੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਔਰਤ ਦੇ ਖਾਤੇ ਵਿੱਚ ਲਗਭਗ 2 ਕਰੋੜ ਰੁਪਏ ਪਾਏ ਸਨ, ਜਿਸ ਵਿੱਚੋਂ ਜ਼ਿਆਦਾ ਰਕਮ ਔਰਤ ਨੇ ਆਪਣੇ ਪਤੀ ਦੇ ਖਾਤੇ ਵਿੱਚ ਪਾ ਦਿੱਤੀ ਸੀ।

ਔਰਤ ਦੇ ਪਤੀ ਬਰਿੰਦਰ ਕੁਮਾਰ ਨੇ 16 ਅਕਤੂਬਰ 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ ਇਨੋਵਾ ਕ੍ਰਿਸਟਾ ਕਾਰ ਬਦਲੇ ਕਰੀਬ 19 ਲੱਖ ਰੁਪਏ ਪਾਏ। ਗੱਡੀ ਦੀ ਰਜਿਸਟ੍ਰੇਸ਼ਨ ਪਿੰਡ ਘੜੀਸਪੁਰ ਦੇ ਵਸਨੀਕ ਮੋਹਨ ਸਿੰਘ ਦੇ ਨਾਮ ਤੇ ਕਰਵਾਈ ਗਈ ਜੋ ਅਮਰਜੀਤ ਸਿੰਘ ਸੰਦੋਆ ਦਾ ਸਹੁਰਾ ਹੈ। ਵਿਜੀਲੈਂਸ ਬਿਊਰੋ ਨੇ ਐਸਡੀਐਮ ਰੂਪਨਗਰ ਨੂੰ ਪੱਤਰ ਲਿਖ ਕੇ ਗੱਡੀ ਦੀ ਰਜਿਸਟ੍ਰੇਸ਼ਨ ਜ਼ਬਤ ਕਰਨ ਲਈ ਕਿਹਾ ਹੈ, ਜਿਸ ਦੀ ਪੁਸ਼ਟੀ ਕਰਦਿਆਂ ਐਸਡੀਐਮ ਰੂਪਨਗਰ ਹਰਬੰਸ ਸਿੰਘ ਨੇ ਦੱਸਿਆ ਕਿ, “ਉਹਨਾਂ ਇਸ ਸਬੰਧੀ 26 ਅਗਸਤ ਨੂੰ ਮਿਲੇ ਪੱਤਰ ਮੁਤਾਬਕ ਬਣਦੀ ਕਾਰਵਾਈ ਕਰ ਦਿੱਤੀ ਹੈ।”

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜੰਗਲਾਤ ਵਿਭਾਗ ਦੀ ਮਹਿਜ਼ 90,000 ਰੁਪਏ ਪ੍ਰਤੀ ਏਕੜ ਕੁਲੈਕਟਰ ਰੇਟ ਵਾਲੀ ਲਗਭਗ 54 ਏਕੜ ਜ਼ਮੀਨ ਫਿਰ ਜੰਗਲਾਤ ਵਿਭਾਗ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਸੀ। ਇਸ ਸਬੰਧੀ ਵਿਜੀਲੈਂਸ ਨੇ ਜਾਂਚ ਕੀਤੀ ਸੀ ਜਿਸ ਦੌਰਾਨ ਇਹ ਖ਼ੁਲਾਸੇ ਹੋਏ ਹਨ।

 

Leave a Reply

Your email address will not be published.