Javelin Throw ’ਚ ਦੇਵੇਂਦਰ-ਸੁੰਦਰ ਦੀ ਸ਼ਾਨਦਾਰ ਜਿੱਤ, ਭਾਰਤ ਦੇ ਖਾਤੇ ਆਏ ਦੋ ਮੈਡਲ

ਟੋਕਿਓ ਪੈਰਾਲੰਪਿਕ ਵਿੱਚ ਦੇਵੇਂਦਰ ਝਾਝਰਿਆ ਅਤੇ ਸੁੰਦਰ ਸਿੰਘ ਗੜਜੂਰ ਨੇ ਜੈਵਲਿਨ ਥ੍ਰੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਮੈਡਲ ਜਿੱਤੇ ਹਨ। ਦੇਵੇਂਦਰ ਝਾਝਰਿਆ ਨੇ ਸਿਲਵਰ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਟੋਕਿਓ ਪੈਰਾਲੰਪਿਕ ਵਿੱਚ ਕੁੱਲ 7 ਮੈਡਲ ਜਿੱਤੇ ਹਨ। ਸੋਨ ਤਗਮਾ ਸ਼੍ਰੀਲੰਕਾ ਦੇ ਮੁਦਿਆਨਸੇਲਜ ਹੇਰਾਥ ਨੇ ਜਿੱਤਿਆ ਹੈ। ਉਸ ਨੇ 67.79 ਮੀਟਰ ਦਾ ਥ੍ਰੋ ਕੀਤਾ ਸੀ।

ਦੇਵੇਂਦਰ ਨੇ 64.35 ਮੀਟਰ ਅਤੇ ਸੁੰਦਰ ਸਿੰਘ ਨੇ 64.01 ਮੀਟਰ ਦੂਰ ਥ੍ਰੋ ਸੁੱਟਿਆ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਦੇਵੇਂਦਰ ਝਾਝਰਿਆ ਨੇ ਇਸ ਤੋਂ ਪਹਿਲਾਂ ਰਿਓ ਪੈਰਾਲੰਪਿਕ-2016 ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਹਨਾਂ ਦੇ ਨਾਮ ਭਾਰਤ ਵੱਲੋਂ ਪੈਰਾਲੰਪਿਕ ਵਿੱਚ ਦੋ ਵਾਰ ਗੋਲਡ ਮੈਡਲ ਜਿੱਤਣ ਦਾ ਰਿਕਾਰਡ ਦਰਜ ਹੈ।

ਦੇਵੇਂਦਰ ਨੇ ਰਿਓ ਡੇ ਜੇਨੇਰੋ ਵਿੱਚ ਜੈਵਲਿਨ ਥ੍ਰੋ ਦੇ ਐਫ 46 ਇਵੈਂਟ ਵਿੱਚ 63.97 ਮੀਟਰ ਜੈਵਲਿਨ ਸੁੱਟ ਕੇ ਇਥੇਂਸ ਪੈਰਾਲੰਪਿਕ ਵਿੱਚ 62.15 ਮੀਟਰ ਦੇ 2004 ਦੇ ਅਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ ਗੋਲਡ ਮੈਡਲ ਜਿੱਤਿਆ ਸੀ। ਦੇਵੇਂਦਰ ਕੋਲ ਹੁਣ ਕੁੱਲ 5 ਪੈਰਾਲੰਪਿਕ ਮੈਡਲ ਹੋ ਗਏ ਹਨ ਜਿਹਨਾਂ ਵਿਚੋਂ ਦੋ ਗੋਲਡ, ਦੋ ਸਿਲਵਰ ਅਤੇ ਇਕ ਕਾਂਸੀ ਤਗਮਾ ਹੈ।
ਟੋਕਿਓ ਪੈਰਾਲੰਪਿਕ ਵਿੱਚ ਭਾਰਤ ਲਈ ਸੋਮਵਾਰ ਦਾ ਦਿਨ ਵੀ ਸ਼ਾਨਦਾਰ ਰਿਹਾ। ਅਵਨੀ ਲਖੇਰਾ ਨੇ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤਿਆ। ਇਸ ਸ਼ੂਟਰ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਦੇ ਕਲਾਸ ਐਸਐਚ 1 ਵਿੱਚ ਪਹਿਲਾ ਸਥਾਨ ਹਾਸਲ ਕੀਤਾ।
