ਜੈਪਾਲ ਭੁੱਲਰ ਦੇ ਪਿਤਾ ਨੇ ਪੰਜਾਬ ਪੁਲਿਸ ‘ਤੇ ਲਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਪਿਛਲੇ ਦਿਨੀਂ ਕਲਕੱਤਾ ਵਿੱਚ ਹੋਏ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਕਿ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਫੀ ਪ੍ਰੇਸ਼ਾਨੀਆਂ ਵਿਚੋਂ ਲੰਘ ਰਿਹਾ ਹੈ ਅਤੇ ਪੁਲਿਸ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਪਹਿਲਾਂ ਜੈਪਾਲ ਦੇ ਅੰਤਿਮ ਸਸਕਾਰ ਤੱਕ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪਾਈ ਰੱਖਿਆ ਅਤੇ ਜਦੋਂ ਗੁਰਦੁਆਰਾ ਸਾਹਿਬ ਵਿੱਚ ਉਸਦੀ ਅੰਤਿਮ ਅਰਦਾਸ ਲਈ ਰੱਖੇ ਗਏ ਪਾਠ ਦਾ ਭੋਗ ਪਾਇਆ ਜਾ ਰਿਹਾ ਸੀ ਤਾਂ ਸਿਵਲ ਵਰਦੀ ਵਿੱਚ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਆਸਪਾਸ ਪਹਿਰਾ ਦਿੱਤਾ ਗਿਆ।

ਇਸ ਦੌਰਾਨ ਜੈਪਾਲ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਲਗਾਤਾਰ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਪੁੱਤ ਮਾਰਨ ਤੋਂ ਬਾਅਦ ਵੀ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਪੁਲਿਸ ਜੈਪਾਲ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੜ੍ਹਨਾ ਚਾਹੁੰਦੀ ਹੈ। ਭੁਪਿੰਦਰ ਸਿੰਘ ਨੇ ਸਿਸਟਮ ਅਤੇ ਪੁਲਿਸ ਤੇ ਕਈ ਸਵਾਲ ਦਾਗੇ।ਉਨ੍ਹਾਂ ਕਿਹਾ ਕਿ ਪੁਲਿਸ ਇਹ ਸਭ ਇਸ ਲਈ ਕਰ ਰਹੀ ਹੈ ਤਾਂ ਕਿ ਮੈਂ ਅੱਗੇ ਆਵਾਜ਼ ਨਾ ਚੁੱਕ ਸਕਾਂ।

ਇਸ ਦੌਰਾਨ ਉਹਨਾਂ ਦੱਸਿਆ ਕਿ ਜੈਪਾਲ ਨਾਲ ਸਬੰਧਤ ਨੌਜਵਾਨਾਂ ਕੋਲੋਂ ਵੀ ਪੁਲਿਸ ਵੱਲੋਂ ਪੁਛਗਿੱਛ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ। ਜੈਪਾਲ ਦੇ ਪਿਤਾ ਨੇ ਕਿਹਾ ਕਿ ਮੇਰੇ ਉੱਤੇ ਕਈ ਝੂਠੇ ਮੁਕੱਦਮੇ ਵੀ ਦਰਜ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਝੂਠੀ ਸੰਪਤੀ ਦੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਲੁਧਿਆਣਾ ਦੇ ਜਗਰਾਓਂ ਵਿੱਚ ਦੋ ਪੁਲਿਸ ਥਾਣੇਦਾਰਾਂ ਦੇ ਕਤਲ ਮਾਮਲੇ ਵਿੱਚ ਜੈਪਾਲ ਭੁੱਲਰ ਅਤੇ ਸਾਥੀ ਦਾ ਕੋਲਕਾਤਾ ਵਿੱਚ ਪੁਲਿਸ ਐਂਨਕਾਉਂਟਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਜੈਪਾਲ ਭੁੱਲਰ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਮਾਮਲਾ ਹਾਈਕੋਰਟ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਪਹੁੰਚਿਆ ਸੀ, ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ ਸੀ।
ਗੈਂਗਸਟਰ ਜੈਪਾਲ 15 ਮਈ 2021 ਨੂੰ ਜਗਰਾਓਂ ਦੀ ਦਾਣਾ ਮੰਡੀ ‘ਚ CIA ਸਟਾਫ ਦੇ ਦੋ ASI ਨੂੰ ਗੋਲੀਆਂ ਮਾਰ ਫਰਾਰ ਹੋ ਗਿਆ ਸੀ। ਇਸ ਕਤਲ ਮਾਮਲੇ ਵਿੱਚ ਚਾਰ ਲੋਕ ਲੋੜਿੰਦਾ ਸੀ।ਜੈਪਾਲ ਭੁੱਲਰ ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਆਪਣੇ ਸਾਥੀ ਜੱਸੀ ਨਾਲ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਿਹਾ ਸੀ। ਪੰਜਾਬ ਪੁਲਿਸ ਨੇ ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅਪਰੇਸ਼ਨ ਜੈਕ (OP-JACK) ਚੱਲਾਇਆ ਸੀ। ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਸੂਬਿਆਂ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ਵਿੱਚ ਲੱਗੀ ਹੋਈ ਸੀ।
