ਜੈਪਾਲ ਭੁੱਲਰ ਦੇ ਪਿਤਾ ਦਾ ਵੱਡਾ ਬਿਆਨ, ਪ੍ਰਮੋਸ਼ਨ ਖਾਤਿਰ ਕੁੱਝ ਪੁਲਿਸ ਵਾਲਿਆਂ ਨੇ ਮਾਰਿਆ ਮੇਰਾ ਪੁੱਤ

ਕੋਲਕਾਤਾ ‘ਚ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਲਾਸ਼ ਸ਼ਨੀਵਾਰ ਫਿਰੋਜ਼ਪੁਰ ਉਸ ਦੇ ਘਰ ਪਹੁੰਚੀ। ਜਿੱਥੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ। ਜੈਪਾਲ ਦੀ ਮ੍ਰਿਤਕ ਲਾਸ਼ ਨੂੰ ਐਬੂਲੈਂਸ ਜ਼ਰੀਏ ਪੰਜਾਬ ਲਿਆਂਦਾ ਗਿਆ। ਇਸ ਦੌਰਾਨ ਜੈਪਾਲ ਦਾ ਪਰਿਵਾਰ ਧਾਂਹਾਂ ਮਾਰ ਕੇ ਰੋਇਆ।

ਅਜਿਹੇ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈਪਾਲ ਦੇ ਪਿਤਾ ਸੇਵਾਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਵਾਲੇ ਬੁਰੇ ਨਹੀਂ ਹੁੰਦੇ, ਪਰ ਕੁਝ ਪੁਲਿਸ ਵਾਲੇ ਵਿਭਾਗ ‘ਚ ਅਜਿਹੇ ਹੁੰਦੇ ਹਨ ਜੋ ਮੈਡਲ ਲੈਣ ਲਈ ਐਨਕਾਊਂਟਰ ਕਰਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨਾਲ ਜੈਪਾਲ ਦੇ ਸਬੰਧ ਹੋਣ ‘ਤੇ ਉਨ੍ਹਾਂ ਕਿਹਾ ਕਿ ਇਹ ਤਾਂ ਆਮ ਗੱਲ ਹੀ ਹੋ ਗਈ ਹੈ ਕਿ ਹਰ ਵਿਅਕਤੀ ਦੇ ਪੁਲਿਸ ਵੱਲੋਂ ਪਾਕਿਸਤਾਨ ਨਾਲ ਸਬੰਧ ਜੋੜ ਦਿੱਤੇ ਜਾਂਦੇ ਹਨ।
ਜੈਪਾਲ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਕੋਲਕਾਤਾ ਮ੍ਰਿਤਕ ਦੇਹ ਲੈਣ ਗਏ ਤਾਂ ਉੱਥੇ ਉਨ੍ਹਾਂ ਨਾਲ ਬੁਰਾ ਵਿਹਾਰ ਕੀਤਾ ਗਿਆ। ਉਹ ਐਂਬੂਲੈਂਸ ਜ਼ਰੀਏ ਜੈਪਾਲ ਦੀ ਮ੍ਰਿਤਕ ਲਾਸ਼ ਪੰਜਾਬ ਲੈ ਕੇ ਆਏ। ਦੱਸ ਦਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਬੁੱਧਵਾਰ ਕੋਲਕਾਤਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ।
ਬੁੱਧਵਾਰ ਨੂੰ ਕੋਲਕਾਤਾ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ। ਜੈਪਾਲ ਤੇ ਜੱਸੀ ਦੋਵੇਂ ਖਿਡਾਰੀ ਤੋਂ ਨਸ਼ਾ ਤਸਕਰ ਬਣ ਗਏ ਤੇ ਫਿਰ ਗੈਂਗਸਟਰ ਬਣ ਗਏ। ਗੈਂਗਸਟਰ ਜੈਪਾਲ ਸਾਲ 2003 ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੈਮਰ ਥ੍ਰੋਅ ਦੀ ਪ੍ਰੈਕਟਿਸ ਕਰਦਾ ਸੀ ਅਤੇ ਉਹ ਪੰਜਾਬ ਦਾ ਇੱਕ ਚੰਗਾ ਹੈਮਰ ਥ੍ਰੋਅਰ ਸੀ ਤੇ ਜਲੰਧਰ ਵਿੱਚ ਵੀ ਅਭਿਆਸ ਕਰਦਾ ਰਿਹਾ ਸੀ।
