ਜੈਪਾਲ ਭੁੱਲਰ ਦੇ ਪਰਿਵਾਰ ਨੇ ਕੀਤਾ ਹਾਈਕੋਰਟ ਦਾ ਰੁਖ਼, ਮਿਲੇਗਾ ਇਨਸਾਫ਼?

ਕੋਲਕਾਤਾ ‘ਚ ਬੀਤੇ ਦਿਨੀਂ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਸ਼ਨੀਵਾਰ ਫਿਰੋਜ਼ਪੁਰ ਉਸ ਦੇ ਘਰ ਪਹੁੰਚੀ। ਇਸ ਦੌਰਾਨ ਜੈਪਾਲ ਦੇ ਅੰਤਿਮ ਸਸਕਾਰ ਮੌਕੇ ਉਸ ਦੇ ਭਰਾ ਨੂੰ ਵੀ ਜੇਲ੍ਹ ਤੋਂ ਫਿਰੋਜ਼ਪੁਰ ਲਿਆਂਦਾ ਗਿਆ ਪਰ ਇਸ ਮਾਮਲੇ ਵਿੱਚ ਉਸ ਸਮੇਂ ਵੱਡਾ ਮੋੜ ਆ ਗਿਆ ਜਦੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜੈਪਾਲ ਭੁੱਲਰ ਦੇ ਪਿਤਾ ਨੇ ਇਹ ਕਹਿ ਦਿੱਤਾ ਕਿ ਜੈਪਾਲ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਦਾ ਮੁੜ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ।

ਉਹਨਾਂ ਅੱਗੇ ਕਿਹਾ ਕਿ ਮੁਕਾਬਲੇ ਤੋਂ ਪਹਿਲਾਂ ਉਸ ਦੀਆਂ ਪਸਲੀਆਂ ਤੋੜੀਆਂ ਗਈਆਂ ਸੀ। ਇਸ ਕਾਰਨ ਉਹ ਫਿਰ ਪੋਸਟ ਮਾਰਟਮ ਦੀ ਮੰਗ ਕਰ ਰਹੇ ਹਨ। ਫਿਰੋਜ਼ਪੁਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਸਿਰਫ ਹਾਈਕੋਰਟ ਹੀ ਇਸ ਦਾ ਫ਼ੈਸਲਾ ਕਰ ਸਕਦੀ ਹੈ। ਜੈਪਾਲ ਦੇ ਭਰਾ ਨੇ ਕਿਹਾ ਕਿ ਪੁਲਿਸ ਵੱਲੋਂ ਪੁੱਛਗਿੱਛ ਦੇ ਉਸ ‘ਤੇ ਬਹਾਨੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਆਪਣੀ ਮਾਤਾ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।
ਬੀਤੇ ਦਿਨ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਜਾਣਾ ਸੀ ਪਰ ਇਸ ਦੌਰਾਨ ਜਿਵੇਂ ਹੀ ਉਸ ਦੀ ਲਾਸ਼ ‘ਤੇ ਨਿਸ਼ਾਨ ਪਾਏ ਦੇਖੇ ਤਾਂ ਉਹਨਾਂ ਵੱਲੋਂ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜੈਪਾਲ ਦੇ ਸਰੀਰ ‘ਤੇ ਕਈ ਥਾਵਾਂ ਤੋਂ ਫਰੈਕਚਰ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਾਇਆ ਕਿ ਜੈਪਾਲ ਦਾ ਐਨਕਾਊਂਟਰ ਕਰਨ ਤੋਂ ਪਹਿਲਾਂ ਉਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ।
ਦੱਸ ਦਈਏ ਕਿ ਜੈਪਾਲ ਦੀ ਲਾਸ਼ ਨੂੰ ਐਬੂਲੈਂਸ ਜ਼ਰੀਏ ਪੰਜਾਬ ਲਿਆਂਦਾ ਗਿਆ। ਜੈਪਾਲ ਦੇ ਪਿਤਾ ਮੁਤਾਬਿਕ ਉਹਨਾਂ ਨੂੰ ਜੈਪਾਲ ਦੀ ਲਾਸ਼ ਪੰਜਾਬ ਲਿਆਉਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਹੁਣ ਜੈਪਾਲ ਦੇ ਭਰਾ ਨੂੰ ਮੁੜ ਤੋਂ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ ਅਤੇ ਜੈਪਾਲ ਦੇ ਪਰਿਵਾਰ ਵੱਲੋਂ ਵੀ ਉਸ ਦੀ ਲਾਸ਼ ਦਾ ਮੁੜ ਤੋਂ ਪੋਸਟਮਾਰਟ ਕਰਵਾਉਣ ਦੀ ਮੰਗ ਕੀਤੀ ਗਈ ਹੈ।
