ਜੈਪਾਲ ਭੁੱਲਰ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਦੁਬਾਰਾ ਕੀਤਾ ਗਿਆ ਸੀ ਪੋਸਟਮਾਰਟਮ

ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਪੀਜੀਆਈ ਵਿੱਚ ਗਠਿਤ ਕੀਤੇ ਗਏ ਡਾਕਟਰੀ ਬੋਰਡ ਦੀ ਦੇਖ-ਰੇਖ ਵਿੱਚ ਹੋ ਗਿਆ ਹੈ। ਇਸ ਦੀ ਰਿਪੋਰਟ ਪੀਜੀਆਈ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਕੀਤੀ ਜਾਵੇਗੀ। ਹਾਈਕੋਰਟ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਜੈਪਾਲ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਸ ਦੇ ਪਰਿਵਾਰ ਵਾਲੇ ਅਤੇ ਵਕੀਲ ਪੀਜੀਆਈ ਦੀ ਮੋਰਚਰੀ ਵਿੱਚ ਪੁੱਜੇ ਅਤੇ ਪੋਸਟਮਾਰਟਮ ਪ੍ਰਕਿਰਿਆ ਪੂਰੀ ਹੋਣ ਤੱਕ ਉੱਥੇ ਹੀ ਮੌਜੂਦ ਰਹੇ ਜਿਹਨਾਂ ਨੂੰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਗਈ।

ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 2 ਵਜੇ ਫਿਰੋਜ਼ਪੁਰ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਜੈਪਾਲ ਦੇ ਪਿਤਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਸ਼ੰਕਾ ਜਤਾਈ ਸੀ ਕਿ ਉਹਨਾਂ ਦੇ ਪੁੱਤ ਨੂੰ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ਤੇ ਕਈ ਜ਼ਖ਼ਮਾਂ ਦੇ ਵੀ ਨਿਸ਼ਾਨ ਸਨ। ਮੌਤ ਤੋਂ ਬਾਅਦ ਪੁਲਿਸ ਨੇ ਖੁਦ ਨੂੰ ਬਚਾਉਣ ਲਈ ਐਨਕਾਊਂਟਰ ਮੀਡੀਆ ਸਾਹਮਣੇ ਪੇਸ਼ ਕੀਤਾ।
ਉਹਨਾਂ ਅੱਗੇ ਕਿਹਾ ਕਿ ਕਲਕੱਤਾ ਪੁਲਿਸ ਨੇ ਨਾ ਉਹਨਾਂ ਨੂੰ ਲਾਸ਼ ਵਿਖਾਈ ਅਤੇ ਨਾ ਹੀ ਪੋਸਟਮਾਰਟਮ ਰਿਪੋਰਟ ਦਿੱਤੀ। ਐਫਆਈਆਰ ਵੀ ਨਹੀਂ ਦਿੱਤੀ, ਸਿਰਫ ਲਾਸ਼ ਪੈਕ ਕਰ ਕੇ ਸਿੱਧਾ ਏਅਰਪੋਰਟ ਭੇਜ ਦਿੱਤਾ ਸੀ। ਇਸ ਲਈ ਉਹਨਾਂ ਨੇ ਦੁਬਾਰਾ ਪੋਸਟਮਾਰਟਮ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਜਗਰਾਓਂ ਦੀ ਅਨਾਜ ਮੰਡੀ ਵਿੱਚ ਹੋਏ 2 ਏਐਸਆਈਜ਼ ਦੇ ਕਤਲ ਮਾਮਲੇ ਵਿੱਚ ਜੈਪਾਲ ਭੁੱਲਰ ਅਤੇ ਜੱਸੀ ਖਰੜ ਦੀ ਭਾਲ ਸੀ। ਪਰਿਵਾਰ ਦੇ ਵਕੀਲਾਂ ਨੇ ਇਹ ਵੀ ਦੱਸਿਆ ਕਿ ਜੇ ਪੀਜੀਆਈ ਦੀ ਪੋਸਟਮਾਰਟਮ ਰਿਪੋਰਟ ਕੋਲਕਾਤਾ ਦੀ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਾ ਹੋਈ ਤਾਂ ਉਹ ਕਲਕੱਤਾ ਹਾਈਕੋਰਟ ਵਿੱਚ ਐਨਕਾਊਂਟਰ ਨੂੰ ਲੈ ਕੇ ਪਟੀਸ਼ਨ ਦਾਇਰ ਕਰਨਗੇ।
