ਜੇ ਸਾਡੇ ਮੁੰਡੇ ਨੇ ਮੂਸੇਵਾਲਾ ਦਾ ਕਤਲ ਕੀਤਾ ਤਾਂ ਪੁਲਿਸ ਉਸ ਦਾ ਇਨਕਾਊਂਟਰ ਕਰ ਦੇਵੇ: ਮੁਲਜ਼ਮ ਜਗਰੂਪ ਦੀ ਮਾਂ

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਈ ਸ਼ੱਕੀ ਸਾਹਮਣੇ ਆਏ ਹਨ। ਗੋਲਡੀ ਬਰਾੜ ਤੋਂ ਲੈ ਕੇ ਬਿਸ਼ਨੋਈ ਤੱਕ ਕਈ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਰੋਲ ਨਿਭਾਇਆ ਹੈ। ਹੁਣ ਜਾਂਚ ਤੋਂ ਬਾਅਦ ਇੱਕ ਹੋਰ ਨਾਮ ਸਾਹਮਣੇ ਆਇਆ ਹੈ। ਮੁਲਜ਼ਮ ਜਗਰੂਪ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਹੈ।

ਪੁਲਿਸ ਨੂੰ ਉਸ ਖਿਲਾਫ਼ ਕੁਝ ਇਨਪੁਟ ਮਿਲੇ ਹਨ, ਜਿਸ ਦੇ ਆਧਾਰ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕੀਤੀ ਗਈ ਪਰ ਜਿਵੇਂ ਹੀ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਤਾਲਾ ਲੱਗਿਆ ਹੋਇਆ ਸੀ। ਫਿਲਹਾਲ ਪੁਲਿਸ ਜਗਰੂਪ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਵੱਡੇ ਬਿਆਨ ਦਿੱਤੇ ਹਨ।

ਉਹਨਾਂ ਮੁਤਾਬਕ 2017 ਵਿੱਚ ਜਗਰੂਪ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰੋਂ ਬੇਦਖ਼ਲ ਕਰ ਦਿੱਤਾ ਕਿਉਂ ਕਿ ਉਹ ਨਸ਼ੇ ਦਾ ਆਦੀ ਸੀ ਤੇ ਘਰੋਂ ਹੀ ਪੈਸੇ ਚੋਰੀ ਕਰਕੇ ਭੱਜ ਜਾਂਦਾ ਸੀ। ਜਗਰੂਪ ਦੀ ਮਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਉਸ ਦੇ ਪੁੱਤਰ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ ਤਾਂ ਪੁਲਿਸ ਉਸ ਦਾ ਐਨਕਾਊਂਟਰ ਕਰ ਦੇਵੇ। ਉਹਨਾਂ ਨੂੰ ਕੋਈ ਦੁਖ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਜੇ ਉਹਨਾਂ ਦੇ ਪੁੱਤਰ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂ ਕਿ ਗਲਤ ਦਾ ਨਤੀਜਾ ਹਮੇਸ਼ਾ ਗਲਤ ਹੁੰਦਾ ਹੈ। ਫਿਲਹਾਲ ਪੁਲਿਸ ਵੱਲੋਂ ਜਗਰੂਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੇ ਘਰ ਨਾ ਮਿਲਣ ਤੇ ਉਸ ਨੂੰ ਹੋਰ ਥਾਵਾਂ ਤੇ ਲੱਭਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਬੀਤੇ ਕੱਲ੍ਹ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੇਕੜਾ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਉਸ ਨੇ ਘਟਨਾ ਵਾਲੇ ਦਿਨ ਗੋਲੀ ਚਲਾਉਣ ਵਾਲਿਆਂ ਨੂੰ ਨਾ ਸਿਰਫ ਗੱਡੀ ਮੁਹੱਈਆ ਕਰਵਾਈ ਸਗੋਂ ਗਾਇਕ ਦੀ ਮੁਖਬਰੀ ਵੀ ਕੀਤੀ। ਇਸ ਤੋਂ ਪਹਿਲਾਂ ਉਹ ਮੂਸੇਵਾਲਾ ਨੂੰ ਇੱਕ ਪ੍ਰਸ਼ੰਸਕ ਦੇ ਤੌਰ ਤੇ ਮਿਲਿਆ ਸੀ। ਫਿਰ ਬਾਅਦ ਵਿੱਚ ਜਦੋਂ ਗਾਇਕ ਘਰੋਂ ਬਾਹਰ ਆਇਆ ਤਾਂ ਕੇਕੜੇ ਨੇ ਗੋਲੀ ਚਲਾਉਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਤੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿਚਕਾਰ ਕਤਲ ਕਰ ਦਿੱਤਾ ਗਿਆ।
