ਜੇ ਬੈਲਟ ਪੇਪਰ ਨਾਲ ਵੋਟਿੰਗ ਹੋਵੇ ਤਾਂ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ: ਸਿਮਰਜੀਤ ਸਿੰਘ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ‘ਪੰਜਾਬ ਅਧਿਕਾਰ ਯਾਤਰਾ’ ਦੇ ਤਹਿਤ ਅੱਜ ਪਟਿਆਲਾ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 4 ਸਾਲ ਪਹਿਲਾਂ ਪੰਜਾਬ ਦੇ ਪਾਣੀ ਦੇ ਪੈਸੇ ਲੈਣ ਦਾ ਮਤਾ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਪਰ ਇਸ ਮਗਰੋਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਮੌਕੇ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਭਾਜਪਾ ਈਵੀਐੱਮ ਕਾਰਨ ਹੀ ਹਰ ਵਾਰ ਸਰਕਾਰ ਬਣ ਜਾਂਦੀ ਹੈ ਅਤੇ ਜੇ ਬੈਲਟ ਪੇਪਰ ਨਾਲ ਵੋਟਿੰਗ ਹੋਵੇ ਤਾਂ ਭਾਜਪਾ ਦਾ ਪੰਜਾਬ ‘ਚ ਖਾਤਾ ਵੀ ਨਹੀਂ ਖੁੱਲ੍ਹੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ‘ਚ ਵੀ ਬੈਲਟ ਪੇਪਰ ਦੀ ਵਰਤੋਂ ਹੁੰਦੀ ਹੈ ਅਤੇ ਅਸੀਂ ਕਿੰਨੇ ਕੁ ਵਿਕਸਿਤ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਈ. ਵੀ. ਐਮ. ਹਟਾ ਕੇ ਬੈਲਟ ਪੇਪਰ ‘ਤੇ ਵੋਟਿੰਗ ਕਰਾਉਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਭਾਜਪਾ ਦਾ ਅਸਲ ਚਿਹਰਾ ਸਾਹਮਣੇ ਆ ਜਾਵੇਗਾ।
ਦਸ ਦਈਏ ਕਿ ਹਾਲ ਹੀ ਵਿੱਚ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 243 ਸੀਟਾਂ ਦੇ ਨਤੀਜੇ ਵੀ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 74 ਸੀਟਾਂ ਭਾਜਪਾ, 43 ਜੇਡੀਯੂ ਅਤੇ 75 ਆਰਜੇਡੀ ਨੇ ਜਿੱਤੀਆਂ ਹਨ ਜਦਕਿ ਕਾਂਗਰਸ ਨੇ 19 ਹੀ ਸੀਟਾਂ ਜਿੱਤੀਆਂ ਹਨ।
ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 122 ਸੀਟਾਂ ਦਾ ਹੈ। ਐੱਨਡੀਏ ਨੇ 125 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਤੇਜਸਵੀ ਦੀ ਅਗਵਾਈ ਵਾਲਾ ਮਹਾਗਠਜੋੜ ਭਾਵੇਂ ਸਖ਼ਤ ਟੱਕਰ ਦੇਣ ਦੇ ਬਾਵਜੂਦ ਸੱਤਾ ਤੋਂ ਦੂਰ ਰਹਿ ਗਿਆ ਪਰ ਉਸ ਦੀ ਪਾਰਟੀ ਰਾਸ਼ਟਰੀ ਜਨਤਾ ਦਲ 75 ਸੀਟਾਂ ਜਿੱਤ ਕੇ ਸਿੰਗਲ ਲਾਰਜੈਸਟ ਪਾਰਟੀ ਬਣ ਗਈ ਹੈ।
ਖੱਬੇਪੱਖੀ ਪਾਰਟੀਆਂ ਨੇ ਆਪਣੇ ਖਾਤੇ ਦੀਆਂ ਕੁੱਲ 29 ਸੀਟਾਂ ਵਿੱਚੋਂ 16 ਜਿੱਤ ਲਈਆਂ ਹਨ ਜਿਸ ਨੂੰ ਕਾਫ਼ੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ।
