ਜੇ ਟੋਲ ਪਲਾਜ਼ੇ ਦੀ ਦਰ ’ਚ ਵਾਧਾ ਕੀਤਾ ਗਿਆ ਤਾਂ ਉਹ ਫਿਰ ਸੰਘਰਸ਼ ਛੇੜ ਦੇਣਗੇ: ਰਾਕੇਸ਼ ਟਿਕੈਤ

ਦਿੱਲੀ ਦੀਆਂ ਸਰਹੱਦਾਂ ਕਿਸਾਨਾਂ ਨੇ ਖਾਲੀ ਕਰ ਦਿੱਤੀਆਂ ਹਨ। ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਚਲ ਰਿਹਾ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ ਹੁਣ ਟੋਲ ਪਲਾਜ਼ੇ ਵੀ ਖੁੱਲਣੇ ਸ਼ੁਰੂ ਹੋ ਗਏ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਟੋਲ ਪਲਾਜ਼ਿਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਜੇ ਟੋਲ ਪਲਾਜ਼ੇ ਦੀ ਦਰ ਵਿੱਚ ਵਾਧਾ ਕੀਤਾ ਗਿਆ ਤਾਂ ਉਹ ਫਿਰ ਸੰਘਰਸ਼ ਛੇੜ ਦੇਣਗੇ।

ਇਹ ਚੇਤਾਵਨੀ ਕਿਸਾਨ ਅੰਦੋਲਨ ਕਰਕੇ ਸਾਲ ਭਰ ਬੰਦ ਰਹੇ ਟੋਲ ਪਲਾਜ਼ਿਆਂ ਵੱਲੋਂ ਟੋਲ ਦਰਾਂ ਵਧਾਉਣ ਦੀ ਚਰਚਾ ਮਗਰੋਂ ਦਿੱਤੀ ਹੈ। ਟਿਕੈਤ ਸੋਮਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਸਰਕਾਰ ਖਿਲਾਫ਼ ਵਿੱਢੇ ਅੰਦੋਲਨ ਲਈ ਕਿਸਾਨਾਂ ਨੂੰ ਗੁਰੂਘਰ ਤੋਂ ਬਲ ਮਿਲਿਆ ਹੈ ਤੇ ਉਹ ਇਸ ਦਾ ਸ਼ੁਕਰਾਨਾ ਕਰਨ ਆਏ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਸਫਲਤਾ ਲਈ ਹਰ ਵਰਗ ਨੇ ਸਹਿਯੋਗ ਦਿੱਤਾ ਹੈ। ਸੰਜਮ ਤੇ ਸ਼ਾਂਤੀ ਨਾਲ ਲੰਮਾ ਸਮਾਂ ਚੱਲੇ ਇਸ ਸੰਘਰਸ਼ ਅੱਗੇ ਸਰਕਾਰ ਨੂੰ ਮਜਬੂਰ ਹੋ ਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਨ।ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੋਲ ਪਲਾਜ਼ੇ ਬੰਦ ਸਨ ਤੇ ਹੁਣ ਉਹਨਾਂ ਨੂੰ ਫਿਰ ਤੋਂ ਖੋਲ੍ਹਣ ਤੇ ਘਾਟਾ ਪੂਰਾ ਕਰਨ ਲਈ ਉਸ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਉਹਨਾਂ ਚੇਤਾਵਨੀ ਦਿੱਤੀ ਕਿ ਜੇ ਟੋਲ ਪਲਾਜ਼ੇ ਦੀ ਦਰ ਵਿੱਚ ਵਾਧਾ ਹੁੰਦਾ ਹੈ ਤਾਂ ਉਹ ਫਿਰ ਤੋਂ ਸੰਘਰਸ਼ ਵਿੱਢ ਦੇਣਗੇ ਅਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ ਦੋ-ਢਾਈ ਫੀਸਦ ਵਧਾਉਂਦੀ ਹੈ, ਉਸੇ ਤਰਜ਼ ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਦਾਈਆਂ ਜਾਣ।
