ਜੇਜੇਪੀ ਦੇ ਵਿਧਾਇਕ ਦਾ ਸਰਕਾਰ ਨੂੰ ਅਲਟੀਮੇਟਮ, 15 ਦਿਨਾਂ ’ਚ ਕਿਸਾਨਾਂ ਦਾ ਹੋਵੇ ਹੱਲ, ਨਹੀਂ ਤਾਂ…

ਉਤਰਾਖੰਡ ’ਚ ਭਾਜਪਾ ਵਿੱਚ ਸ਼ੁਰੂ ਹੋਈ ਬਗਾਵਤ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ’ਚ ਲੱਗੀ ਭਾਜਪਾ ਲਈ ਹੁਣ ਹਰਿਆਣਾ ਵਿੱਚ ਵੀ ਨਵਾਂ ਸੰਕਟ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਹਰਿਆਣਾ ਵਿੱਚ ਅੱਜ ਕਾਂਗਰਸ ਬੇਭਰੋਸਗੀ ਦਾ ਮਤਾ ਲਿਆਵੇਗੀ। ਇਸ ਦੌਰਾਨ ਜੇਜੇਪੀ ਦੇ ਵਿਧਾਇਕ ਦਵੇਂਦਰ ਸਿੰਘ ਬਬਲੀ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ 15 ਦਿਨਾਂ ਵਿੱਚ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਉਹਨਾਂ ਨੂੰ ਅਪਣਾ ਸਮਰਥਨ ਵਾਪਸ ਲੈਣਾ ਪਵੇਗਾ।

ਰਾਜ ਦੀ ਭਾਜਪਾ-ਜੇਜੇਪੀ ਸਰਕਾਰ ਖਿਲਾਫ਼ ਕਾਂਗਰਸ ਨੇ ਵਿਧਾਨ ਸਭਾ ਵਿੱਚ ਬੇਭਰੋਸਗੀ ਪ੍ਰਸਤਾਵ ਪੇਸ਼ ਕਰ ਦਿੱਤਾ ਹੈ ਜਿਸ ਤੇ ਅੱਜ ਬਹਿਸ ਹੋਵੇਗੀ। ਚਰਚਾ ਤੋਂ ਬਾਅਦ ਬੇਭਰੋਸਗੀ ਪ੍ਰਸਤਾਵ ਤੇ ਵੋਟਿੰਗ ਵੀ ਹੋ ਸਕਦੀ ਹੈ, ਜਿਸ ਦੇ ਚਲਦੇ ਭਾਜਪਾ ਦੀ ਖੱਟਰ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਭਾਜਪਾ ਨੇ ਵ੍ਹੀਪ ਜਾਰੀ ਕਰ ਅਪਣੇ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਦਾ ਹੁਕਮ ਜਾਰੀ ਕੀਤਾ ਹੈ।
ਕਾਂਗਰਸ ਵੀ ਬੁਲੰਦ ਹੌਂਸਲਿਆਂ ਦੇ ਨਾਲ ਭਾਜਪਾ ਨੂੰ ਮਾਤ ਦੇਣ ਲਈ ਤਿਆਰ ਹੈ। ਪਾਰਟੀ ਨੇ ਵੀ ਅਪਣੇ ਵਿਧਾਇਕਾਂ ਨੂੰ ਵਹ੍ਹੀਪ ਜਾਰੀ ਕਰ ਦਿੱਤਾ ਹੈ। ਦਵੇਂਦਰ ਸਿੰਘ ਨੇ ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ‘ਤੇ ਕਿਹਾ ਕਿ ਜੇ ਉਹਨਾਂ ਦੀ ਇਕ ਵੋਟ ਨਾਲ ਸਰਕਾਰ ਡਿੱਗ ਜਾਂਦੀ ਹੈ ਤਾਂ ਉਹ ਅੱਜ ਤਾਂ ਹੀ ਅਜਿਹਾ ਕਰ ਦੇਣਗੇ। ਇਸ ਦਾ ਕੀ ਸੁਨੇਹਾ ਜਾਵੇਗਾ? ਉਹਨਾਂ ਅੱਗੇ ਕਿਹਾ ਕਿ ਪੂਰੀ ਪਾਰਟੀ ਨੂੰ ਇਸ ‘ਤੇ ਫ਼ੈਸਲਾ ਲੈ ਲੈਣਾ ਚਾਹੀਦਾ ਹੈ।
ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਉਹਨਾਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦੇ ਰਹੇ। ਉੱਥੇ ਹੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਇਸ ਸਮੇਂ ਸਿਟਿੰਗ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਬੇਭਰੋਸਗੀ ਪ੍ਰਸਤਾਵ ਦੇ ਪੱਖ ਜਾਂ ਨਿਰਪੱਖ ਵਿੱਚ ਕੁੱਲ 45 ਵੋਟ ਹੋਣੇ ਚਾਹੀਦੇ ਹਨ ਅਤੇ 2 ਘੰਟੇ ਦੀ ਚਰਚਾ ਤੋਂ ਬਾਅਦ ਜਿਹੜੀ ਵੋਟਿੰਗ ਹੋਵੇਗੀ ਉਹ ਹੈਡਕਾਉਂਟ ਦੇ ਹਿਸਾਬ ਨਾਲ ਕੀਤੀ ਜਾਵੇਗੀ ਅਤੇ ਇਸ ਦੇ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
