ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਕਿਸਾਨਾਂ ਨੇ ਵੱਖ ਵੱਖ ਥਾਵਾਂ ’ਤੇ ਮੁੱਖ ਮੰਤਰੀ ਦੇ ਫੂਕੇ ਪੁਤਲੇ

ਜ਼ੀਰਾ ਦੀ ਸ਼ਰਾਬ ਫੈਕਟਰੀ ਖਿਲਾਫ਼ ਚਲ ਰਹੇ ਧਰਨੇ ਨੂੰ ਲੈ ਕੇ ਅੱਜ ਪੰਜਾਬ ਵਿੱਚ ਕਈ ਥਾਵਾਂ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉਗਰਾਹਾਂ ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਜਿੰਨਾ ਸਮਾਂ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਤਾਲਾ ਨਹੀਂ ਲਵਾ ਦਿੱਤਾ ਜਾਂਦਾ ਉੰਨਾ ਸਮਾਂ ਅੰਦੋਲਨ ਜਾਰੀ ਰਹੇਗਾ।
ਉਹਨਾਂ ਕਿਹਾ ਕਿ, ਜੇ ਸਰਕਾਰ ਨੇ ਗੰਭੀਰਤਾ ਨਾ ਵਖਾਈ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੰਦੋਲਨ ਦੀ ਹਿਮਾਇਤ ਵਿੱਚ ਸਾਂਝੇ ਮੋਰਚੇ ਦੇ ਕੀਤੇ ਐਲਾਨ ਨੂੰ ਲਾਗੂ ਕਰਦਿਆਂ ਅੱਜ ਡੀਸੀ ਦਫ਼ਤਰ ਟੋਲ ਪਲਾਜਿਆਂ ਤੇ ਰੇਲਵੇ ਲਾਈਨ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ ਹਨ ਅਤੇ ਸ਼ਰਾਬ ਫੈਕਟਰੀ ਨੂੰ ਜਾਂਦਿਆ ਪਿੰਡ ਰਟੋਲ ਰੋਹੀ ਵਿਖੇ ਵੀ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕੇ ਪੰਜਾਬ ਵਿੱਚ ਛੋਟੀਆਂ ਸਨਤਾਂ ਇੱਕ ਲੱਖ 51 ਹਜ਼ਾਰ ਰੁਜ਼ਗਾਰ ਦਿੰਦੀਆਂ ਹਨ। ਵਾਤਾਵਰਣ ਦਾ ਵੀ ਨੁਕਸਾਨ ਨਹੀਂ ਕਰਦੀਆਂ ਤੇ ਇਸ ਸ਼ਰਾਬ ਫੈਕਟਰੀ ਵਰਗੀ ਵੱਡੀ ਇੰਡਸਟਰੀ ਇੱਕ ਲੱਖ 61 ਹਜ਼ਾਰ ਰੁਜ਼ਗਾਰ ਦਿੰਦੀ ਹੈ ਫਿਰ ਸਰਕਾਰ ਇਹਨਾਂ ਫੈਕਟਰੀਆਂ ਨੂੰ ਬੰਦ ਕਰਕੇ ਛੋਟੀਆਂ ਸਨਤਾਂ ਨੂੰ ਵਧਾਵਾ ਕਿਉਂ ਨਹੀਂ ਦਿੰਦੀ।
ਇੰਨਾ ਹੀ ਨਹੀਂ ਉਹਨਾਂ ਕਿਹਾ ਕਿ, ਸਰਕਾਰ ਦੀ ਨੀਅਤ ਵਿੱਚ ਖੋਟ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਅਬਾਦਕਾਰਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਵਿੱਚ ਹੈ ਤੇ ਅਬਾਦਕਾਰ ਕਿਸਾਨਾਂ ਨੂੰ ਨੋਟਿਸ ਭੇਜ ਕੇ ਡਰਾਵੇ ਦੇ ਰਹੀ ਹੈ। ਜੱਥੇਬੰਦੀ ਕਿਸੇ ਵੀ ਕੀਮਤ ਤੇ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਹਣ ਦੇਵੇਗੀ ਅਤੇ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।