ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਕਈ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਪਰਚੇ ਦਰਜ, ਭਾਰੀ ਪੁਲਿਸ ਤਾਇਨਾਤ

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਤੇ ਰਾਤ ਤੋਂ ਹੀ ਭਾਰੀ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਮੌਕੇ ਤੇ ਦੰਗਾ ਰੋਕੂ ਵਾਹਨ ਵੀ ਪਹੁੰਚੇ ਹਨ। ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਫੈਕਟਰੀ ਵਾਲੇ ਪਾਸੇ ਪੁਲਿਸ ਦੀਆਂ ਕਾਫੀ ਗੱਡੀਆਂ ਅੰਦਰ ਗਈਆਂ ਸਨ ਅਤੇ ਬਾਅਦ ਵਿੱਚ ਪਿੰਡ ਦੇ ਮੇਨ ਹਾਈਵੇ ਤੇ ਵੀ ਭਾਰੀ ਪੁਲਿਸ ਲਗਾਈ ਗਈ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਪੁਲਿਸ ਉਨ੍ਹਾਂ ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਮੋਰਚਾ ਆਗੂ ਬਲਦੇਵ ਸਿੰਘ ਜੀਰਾ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਰਹੀ ਹੈ। ਇਸ ਦੇ ਨਾਲ ਹੀ 70 ਦੇ ਕਰੀਬ ਸੰਘਰਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਸਾਝਾਂ ਮੋਰਚਾ ਜ਼ੀਰਾ ਦੇ ਆਗੂ ਜਗਸੀਰ ਸਿੰਘ ਸਰਾਂ ਅਤੇ ਆਗੂ ਫਤਹਿ ਸਿੰਘ ਢਿੱਲੋਂ ਰਟੌਲ ਰੋਹੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਧਰਨਕਾਰੀਆਂ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ ਤਾਂ ਹੁਣ ਰਾਤ ਦੇ ਸਮੇਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ 14 ਬਾਏ ਨੇਮ 100 ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।