ਜ਼ੀਰਾ ਫੈਕਟਰੀ ਤੋਂ ਬਾਅਦ ਜਲਦ ਲਤੀਫਪੁਰਾ ਦਾ ਮਾਮਲਾ ਵੀ ਸੁਲਝਾਏਗੀ ਸਰਕਾਰ: ਚੇਅਰਮੈਨ ਜਗਤਾਰ ਸਿੰਘ ਸੰਘੇੜਾ

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਜ਼ੀਰਾ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ, ਪੰਜਾਬ ਵਿੱਚ ਲੋਕਾਂ ਦੀ ਸਰਕਾਰ ਹੈ ਜੋ ਵੀ ਲੋਕਾਂ ਦੇ ਮਸਲੇ ਹਨ ਉਹਨਾਂ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਹੱਲ ਕੀਤਾ ਹੈ, ਉਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਸਰਕਾਰ ਲਤੀਫਪੁਰਾ ਮਸਲਾ ਹੱਲ ਕਰਨ ਜਾ ਰਹੀ ਹੈ।
ਉਹਨਾਂ ਕਿਹਾ ਕਿ ਜੇ ਲਤੀਫਪੁਰਾ ਦੇ ਕੇਸ ਦੀ ਗੱਲ ਕਰੀਏ ਤਾਂ ਇਹ ਅਦਾਲਤ ਦੇ ਹੁਕਮ ਸਨ, ਜਿਸ ਕਾਰਨ ਉਹਨਾਂ ਨੂੰ ਅਜਿਹਾ ਕਰਨਾ ਪਿਆ। ਅਦਾਲਤ ਨੇ ਕਿਹਾ ਸੀ ਕਿ ਤੇ ਇਸ ਲਈ ਬਕਾਇਦਾ ਜਲੰਧਰ ਦੇ ਡੀਸੀ ਨੇ ਵੀ ਲਿਖ ਕੇ ਦਿੱਤਾ ਸੀ ਤੇ ਮੈਨੂੰ ਵੀ ਲਿਖ ਕੇ ਦੇਣਾ ਪਿਆ ਸੀ ਕਿ ਅਸੀਂ ਇਸ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਾਂਗੇ, ਇਸ ਬਾਰੇ ਮਾਮਲੇ ਲਈ ਪੁਲਿਸ ਦੀ ਡਿਊਟੀ ਲਗਾਈ ਗਈ ਹੈ।
ਜਲੰਧਰ ਦੇ ਇਸ ਮਾਮਲੇ ਤੋਂ ਪਹਿਲਾਂ ਅਸੀਂ ਲੋਕਾਂ ਦੇ ਰਹਿਣ ਦੇ ਇੰਤਜ਼ਾਮ ਕੀਤੇ ਸਨ ਪਰ ਬਹੁਤ ਸਾਰੇ ਲੋਕ ਉੱਥੇ ਜਾਣ ਲਈ ਰਾਜ਼ੀ ਨਹੀਂ ਹੋਏ। ਸੰਘੇੜਾ ਨੇ ਕਿਹਾ ਕਿ ਲਗਪਗ 65% ਲੋਕ ਪਹਿਲਾਂ ਹੀ ਆਪਣੇ ਘਰ ਛੱਡ ਚੁੱਕੇ ਸਨ। ਉਹਨਾਂ ਦੇ ਵਿਭਾਗ ਨੇ ਇਨ੍ਹਾਂ ਲੋਕਾਂ ਲਈ ਰਿਹਾਇਸ਼ ਦਾ ਪੂਰਾ ਪ੍ਰਬੰਧ ਕੀਤਾ ਸੀ ਪਰ ਇਨ੍ਹਾਂ ਲੋਕਾਂ ਨੇ ਇਸ ਨੂੰ ਨਹੀਂ ਮੰਨਿਆ।
ਉੱਥੇ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਕਾਫੀ ਜ਼ਮੀਨ ਹੈ ਪਰ ਉਨ੍ਹਾਂ ਨੇ ਕਾਫੀ ਜ਼ਮੀਨ ‘ਤੇ ਗਲਤ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ, ਇਸ ਲਈ ਉਹਨਾਂ ਨੇ ਜਲੰਧਰ ਦੇ ਅਧਿਕਾਰੀਆਂ ਨੂੰ ਲਿਖਿਆ ਹੈ, ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਹਨ ਤੇ ਜਿਨ੍ਹਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਮ ਲੋਕਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਉਹ ਉਹਨਾਂ ਨੂੰ ਫਲੈਟ ਤੇ 2 ਲੱਖ ਤੱਕ ਦੀ ਮਦਦ ਦੇਣ ਜਾ ਰਹੇ ਹਾਂ। ਮੁੱਖ ਮੰਤਰੀ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਜਾ ਰਹੇ ਹਨ, 26 ਜਨਵਰੀ ਤੋਂ ਪਹਿਲਾਂ ਕਿਸੇ ਵੀ ਸਮੇਂ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਹੈ।