ਜ਼ੀਰਾ ਧਰਨਾ ਦੇ ਰਹੇ ਲੋਕਾਂ ਕੋਲ ਪਹੁੰਚੇ ਮੰਤਰੀ ਧਾਲੀਵਾਲ, ਕਿਹਾ ਇਸ ਮਸਲੇ ਲਈ ਬਣਾਈਆਂ ਜਾਣਗੀਆਂ 5 ਕਮੇਟੀਆਂ

ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਜੱਥੇਬੰਦੀਆਂ ਦੀ ਅਗਵਾਈ ਹੇਠ ਫੈਕਟਰੀ ਅੱਗੇ ਧਰਨਾ ਦਿੱਤਾ ਗਿਆ ਹੈ। ਹੁਣ ਇਹ ਮਾਮਲਾ ਮਾਣਯੋਗ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਇਸ ਸਬੰਧੀ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਮਲਾ ਫਾਇਰ ਬ੍ਰਿਗੇਡ ਅਤੇ ਵਾਟਰ ਕੈਨਨ ਦੀਆਂ ਗੱਡੀਆਂ ਲੈ ਕੇ ਧਰਨੇ ਵਾਲੀ ਥਾਂ ਤੇ ਪਹੁੰਚਿਆ ਸੀ ਪਰ ਮਾਹੌਲ ਆਮ ਵਾਂਗ ਰਿਹਾ।
ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜ਼ੀਰਾ ਧਰਨੇ ਵਾਲੀ ਥਾਂ ਤੇ ਪਹੁੰਚੇ ਸਨ। ਇੱਥੇ ਉਹਨਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮੈਂ ਐਕਸ਼ਨ ਲੈਣ ਵਾਲਾ ਅਧਿਕਾਰੀ ਹਾਂ, ਮੈਂ ਕੰਮ ਨੂੰ ਅਧੂਰਾ ਨਹੀਂ ਛੱਡਦਾ। ਉਹਨਾਂ ਕਿਹਾ ਕਿ, ਉਹਨਾਂ ਨੇ ਗੰਨੇ ਦੇ ਕਾਸ਼ਤਕਾਰਾਂ ਨੂੰ ਵੀ ਰਹਿੰਦਾ ਬਕਾਇਆ ਦਿੱਤਾ। ਝੋਨੇ ਦੇ ਸੀਜ਼ਨ ਵਿੱਚ ਵੀ ਇੱਕ ਘੰਟਾ ਵੀ ਬਿਜਲੀ ਦਾ ਕੱਟ ਨਹੀਂ ਲੱਗਿਆ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, ਸ਼ਰਾਬ ਫੈਕਟਰੀ ਦੇ ਮਸਲੇ ਦੇ ਹੱਲ ਲਈ ਵੱਖ-ਵੱਖ 5 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਕਮੇਟੀਆਂ ਨੂੰ ਲੈ ਕੇ ਇਹ ਸ਼ਰਤ ਰੱਖੀ ਗਈ ਹੈ ਕਿ ਜਿਹੜੇ ਕਿਸਾਨ ਜ਼ੀਰਾ ਵਿੱਚ ਧਰਨਾ ਦੇ ਰਹੇ ਹਨ ਉਹ ਆਪਣੀ ਮਰਜ਼ੀ ਨਾਲ ਬੰਦੇ ਸ਼ਾਮਲ ਕਰ ਸਕਦੀ ਹੈ। ਵਾਤਾਵਾਰਨ, ਪਾਣੀ, ਪਸ਼ੂ ਪਾਲਣ ਨੂੰ ਲੈ ਕੇ ਜਿਹੜੀਆਂ ਵੀ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਸਬੰਧਿਤ ਕਮੇਟੀ ਭੇਜੀ ਜਾਵੇਗੀ ਤੇ ਉਹ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਗੀਆਂ।