ਜ਼ਰਾ ਸੰਭਲ ਕੇ ਮਨਾਇਓ ਨਵੇਂ ਸਾਲ ਦਾ ਜਸ਼ਨ, ਨਹੀਂ ਤਾਂ ਹੋ ਸਕਦੀ ਹੈ ਵੱਡੀ ਕਾਰਵਾਈ

ਲੁਧਿਆਣਾ ਵਿੱਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਲੁਧਿਆਣਾ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ। ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਵਾਰ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਹੱਥ ਸ਼ਹਿਰ ਦੀ ਸੁਰੱਖਿਆ ਹੋਵੇਗੀ।
ਪੁਲਿਸ ਪ੍ਰਸ਼ਾਸਨ ਨੇ ਸਾਰਾ ਖਰੜਾ ਤਿਆਰ ਕਰਕੇ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਤੱਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾਵੇਗੀ, ਜਿਸ ਥਾਂ ਜ਼ਿਆਦਾ ਭੀੜ ਹੋਣ ਦਾ ਸ਼ੱਕ ਹੈ, ਉਸ ਇਲਾਕੇ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਉੱਥੇ ਸਿਰਫ਼ ਪੈਦਲ ਹੀ ਜਾਣ ਦੀ ਇਜਾਜ਼ਤ ਹੋਵੇਗੀ।
ਵੱਡੇ ਧਾਰਮਿਕ ਸਥਾਨਾਂ ਤੇ ਵੀ ਪੁਲਿਸ ਨੇ ਪਹਿਰੇ ਦੀ ਤਿਆਰੀ ਕਰ ਲਈ ਹੈ। ਨਵੇਂ ਸਾਲ ਦੌਰਾਨ ਹੁਲੜਬਾਜ਼ਾਂ ਤੇ ਪੁਲਿਸ ਦੀ ਤਿੱਖੀ ਨਜ਼ਰ ਬਣੀ ਰਹੇਗੀ। ਪੁਲਿਸ ਵੱਲੋਂ ਹੋਟਲ ਤੇ ਰੈਸਟੋਰੈਂਟਾਂ ਦੇ ਨਾਲ-ਨਾਲ ਬਾਰ ਵਾਲਿਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲਿਸ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਸਵਾਗਤ ਸ਼ਾਂਤੀਪੂਰਵਕ ਕੀਤਾ ਜਾਵੇਗਾ।
ਦੱਸ ਦਈਏ ਕਿ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਨਾਲ-ਨਾਲ 30 ਤੋਂ ਵੱਧ ਥਾਵਾਂ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਇਸ ਲਈ ਹਰ ਥਾਣਾ ਇੰਚਾਰਜ ਦੇ ਨਾਲ ਏਸੀਪੀ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਸ ਸਬੰਧੀ ਏਡੀਸੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।