ਜਹਾਜ਼ ਹਾਈਜੈਕ ਕਰਨ ਵਾਲਾ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ’ਚ ਹੋਣ ਦਾ ਖ਼ਦਸ਼ਾ, ਫੋਟੋ ਹੋਈ ਸੀ ਵਾਇਰਲ

 ਜਹਾਜ਼ ਹਾਈਜੈਕ ਕਰਨ ਵਾਲਾ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ’ਚ ਹੋਣ ਦਾ ਖ਼ਦਸ਼ਾ, ਫੋਟੋ ਹੋਈ ਸੀ ਵਾਇਰਲ

ਭਾਰਤੀ ਹਵਾਈ ਜਹਾਜ਼ ਹਾਈਜੈਕ ਕਰਨ ਵਾਲਾ ਦਲ ਖ਼ਾਲਸਾ ਦੇ ਸਹਿ ਬਾਨੀ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਦਾ ਖਦਸ਼ਾ ਜਤਾਇ ਜਾ ਰਿਹਾ ਹੈ। ਉਹਨਾਂ ਦੀ ਇੱਕ ਤਸਵੀਰ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਈ ਹੈ। ਉਹਨਾਂ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ਤੇ ਅਪਲੋਡ ਕੀਤੀ ਹੈ ਜਿਸ ਦੇ ਹੇਠਾਂ ਉਹਨਾਂ ਦੀ ਇੱਕ ਕਵਿਤਾ ‘ਜ਼ਿੰਦਗੀ ਦੀ ਕਿਤਾਬ’ ਵੀ ਦਰਜ ਹੈ।

ਦੱਸ ਦਈਏ ਕਿ ਗਜਿੰਦਰ ਸਿੰਘ 2002 ਵਿੱਚ ਜਾਰੀ ਕੀਤੀ ਗਈ ਮੋਸਟ ਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਸੀ। ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 29 ਸਤੰਬਰ 1981 ਨੂੰ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕੀਤਾ ਸੀ, ਜਿਸ ਨੂੰ ਉਹ ਲਾਹੌਰ ਲੈ ਕੇ ਗਏ ਸਨ। ਅਜਿਹਾ ਕਰਨ ਪਿੱਛੇ ਉਹਨਾਂ ਦਾ ਮਕਸਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਰਿਹਾਅ ਕਰਨ ਤੇ ਖਾਲਿਸਤਾਨ ਲਹਿਰ ਨੂੰ ਅੰਤਰਰਾਸ਼ਟਰੀ ਮੰਚ ਤੇ ਉਭਾਰਨਾ ਸੀ। ਉਸ ਸਮੇਂ ਉਹਨਾਂ ਨਾਲ ਸਤਨਾਮ ਸਿੰਘ ਪਾਉਂਟਾ ਸਾਹਿਬ, ਤੇਜਿੰਦਰਪਾਲ ਸਿੰਘ, ਦਲਬੀਰ ਸਿੰਘ ਅਤੇ ਕਰਨ ਸਿੰਘ ਸ਼ਾਮਲ ਸਨ।

ਜਹਾਜ਼ ਅਗਵਾ ਕਰਨ ਦੇ ਦੋਸ਼ ਵਿੱਚ ਇਹਨਾਂ ਪੰਜਾਂ ਨੂੰ ਪਾਕਿਸਤਾਨ ਵਿੱਚ 14 ਸਾਲ ਦੀ ਕੈਦ ਹੋਈ ਸੀ, ਜਿਸ ਵਿੱਚੋਂ ਉਹ ਸਾਰੇ 1995 ਵਿੱਚ ਰਿਹਾਅ ਹੋਏ ਸਨ। ਦੱਸ ਦਈਏ ਕਿ ਇਸਲਾਮਾਬਾਦ ਵੱਲੋਂ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਸਬੰਧੀ ਨਾਂਹ ਕੀਤੀ ਜਾ ਚੁੱਕੀ ਹੈ।

ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਬਾਰੇ ਹੁਣ ਤੱਕ ਅਧਿਕਾਰਤ ਤੌਰ ਤੇ ਪਾਕਿਸਤਾਨ ਸਰਕਾਰ ਵੱਲੋਂ ਕਦੇ ਵੀ ਅਜਿਹੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਕਦੇ ਦਲ ਖ਼ਾਲਸਾ ਜੱਥੇਬੰਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਹੁਣ ਉਹਨਾਂ ਦੀ ਇਹ ਤਸਵੀਰ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਪਾਕਿਸਤਾਨ ਵਿੱਚ ਹੀ ਹੈ। ਕੁਝ ਸਮਾਂ ਪਹਿਲਾਂ ਉਹਨਾਂ ਦੀ ਪਤਨੀ ਦਾ ਜਰਮਨੀ ਵਿੱਚ ਦੇਹਾਂਤ ਹੋ ਗਿਆ ਸੀ ਪਰ ਉਹ ਉੱਥੇ ਵੀ ਨਹੀਂ ਪੁੱਜੇ ਸਨ। ਉਹਨਾਂ ਦੀ ਇੱਕ ਧੀ ਹੈ ਜੋ ਕਿ ਯੂਕੇ ਵਿੱਚ ਰਹਿ ਰਹੀ ਹੈ।

Leave a Reply

Your email address will not be published.