ਜਲ ਸਰੋਤ ਵਿਭਾਗ ’ਚ ਵਿਵਾਦ, ਸਕੱਤਰ ਨੇ ਚਾਰਜਸ਼ੀਟ ਕੀਤਾ ਤਾਂ SE ਨੇ ਮੁੱਖ ਮੰਤਰੀ ਨੂੰ ਕਰ ਦਿੱਤੀ ਸ਼ਿਕਾਇਤ

ਫਿਰੋਜ਼ਪੁਰ ’ਚ ਜਲ ਸਰੋਤ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਨੇ ਆਪਣੇ ਹੀ ਮਹਿਕਮੇ ਦੇ ਪ੍ਰਮੁੱਖ ਸਕੱਤਰ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ। ਮਹਿਕਮੇ ਦੇ ਸਕੱਤਰ ਨੇ ਜ਼ਰੂਰੀ ਪ੍ਰਾਜੈਕਟ ਰਿਪੋਰਟ ਨਾ ਦੇਣ ’ਤੇ ਐੱਸਈਐੱਚਐੱਸ ਮਹਿੰਦੀਰੱਤਾ ਨੂੰ ਚਾਰਜਸ਼ੀਟ ਕੀਤਾ ਸੀ। ਇਹ ਰਿਪੋਰਟ ਫਿਰੋਜ਼ਪੁਰ ’ਚ ਇਕ ਨਹਿਰ ਦੀ ਮੁਰੰਮਤ ਬਾਰੇ ਸੀ। ਚਾਰਜਸ਼ੀਟ ਤੋਂ ਖ਼ਫਾ ਹੋ ਕੇ ਸੁਪਰਡੈਂਟ ਇੰਜੀਨੀਅਰ ਨੇ ਆਪਣੇ ਹੀ ਵਿਭਾਗ ਦੇ ਪ੍ਰਮੁੱਖ ਸਕੱਤਰ ਖ਼ਿਲਾਫ਼ ਮੁੱਖ ਮੰਤਰੀ ਕੋਲ ਸ਼ਿਕਾਇਤ ਕਰ ਦਿੱਤੀ।
ਐੱਸਈ ਖ਼ਿਲਾਫ਼ ਅਨੁਸ਼ਾਸਨ ਭੰਗ ਕਰਨ ਦੇ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰੋਤ ਵਿਭਾਗ ਦੇ ਪ੍ਰਧਾਨ ਸਕੱਤਰ ਕ੍ਰਿਸ਼ਨ ਕੁਮਾਰ ਨੇ ਫਿਰੋਜ਼ਪੁਰ ਤੋਂ ਬੀਕਾਨੇਰ ਨਹਿਰ ਦੀਆਂ ਲਗਭਗ 20 ਬੁਰਜੀਆਂ ਦੀ ਪ੍ਰਾਜੈਕਟ ਰਿਪੋਰਟ ਫਿਰੋਜ਼ਪੁਰ ’ਚ ਤਾਇਨਾਤ ਐੱਸਈ ਮਹਿੰਦੀਰੱਤਾ ਤੋਂ ਮੰਗੀ ਸੀ। ਇਹ ਰਿਪੋਰਟ ਬਾਲੇਵਾਲਾ ਹੈੱਡ ਤੋਂ ਲੈ ਕੇ ਲੂਪਰ ਹੈੱਡ ਤਕ ਦੀ ਸੀ।
ਨਹਿਰ ਦੇ ਇਸ ਖੇਤਰ ’ਚ ਫਾਲਟ ਪੈਣ ਕਾਰਨ ਪਾਣੀ ਦੀ ਕਿੱਲਤ ਹੋ ਗਈ ਸੀ ਅਤੇ ਨਹਿਰ ਨੁਕਸਾਨੀ ਗਈ ਸੀ ਪਰ ਸੁਪਰਡੈਂਟ ਇੰਜੀਨੀਅਰ ਨੇ ਆਪਣੇ ਹੀ ਸਕੱਤਰ ਦੇ ਹੁਕਮ ਵੱਲ ਧਿਆਨ ਨਹੀਂ ਦਿੱਤਾ। ਪ੍ਰਮੁੱਖ ਸਕੱਤਰ ਨੇ 2-3 ਵਾਰ ਇਹ ਰਿਪੋਰਟ ਜਮ੍ਹਾ ਕਰਵਾਉਣ ਲਈ ਰਿਮਾਈਂਡਰ ਵੀ ਦਿੱਤਾ ਪਰ ਐੱਸਈ ਨੇ ਪ੍ਰਵਾਹ ਨਹੀਂ ਕੀਤੀ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਇਹ ਪ੍ਰਾਜੈਕਟ ਰਿਪੋਰਟ ਜਲਦੀ ਪੂਰੀ ਕਰਨ ਲਈ ਕਿਹਾ ਸੀ।
ਜਦੋਂ ਐੱਸਈ ਨੇ ਪ੍ਰਾਜੈਕਟ ਰਿਪੋਰਟ ਨਹੀਂ ਭੇਜੀ ਤਾਂ ਪ੍ਰਮੁੱਖ ਸਕੱਤਰ ਨੇ ਉਨ੍ਹਾਂ ਨੂੰ ਅਤੇ ਸਰਹਿੰਦ ਫੀਡਰ ਵਾਰ-ਵਾਰ ਟੁੱਟਣ ਦੇ ਮਾਮਲੇ ’ਚ ਪਹਿਲਾਂ ਤੋਂ ਚਾਰਜਸ਼ੀਟ ਕੀਤੇ ਗਏ ਇਕ ਚਰਚਿਤ ਐਕਸੀਅਨ ਨੂੰ ਲਾਪ੍ਰਵਾਹੀ ਦੇ ਮਾਮਲੇ ’ਚ ਚਾਰਜਸ਼ੀਟ ਕਰ ਦਿੱਤਾ। ਮਜ਼ੇ ਦੀ ਗੱਲ ਇਹ ਸੀ ਕਿ ਸੁਪਰਡੈਂਟ ਇੰਜੀਨੀਅਰ ਦਾ ਨਾਂ ਪ੍ਰਮੋਸ਼ਨ ਸੂਚੀ ਵਿਚ ਪਹਿਲਾਂ ਹੀ ਆ ਚੁੱਕਾ ਸੀ ਅਤੇ ਉਨ੍ਹਾਂ ਨੂੰ ਚੀਫ ਇੰਜੀਨੀਅਰ ਬਣਾਉਣ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਚਾਰਜਸ਼ੀਟ ਕਾਰਨ ਉਨ੍ਹਾਂ ਦੀ ਪ੍ਰਮੋਸ਼ਨ ’ਚ ਰੁਕਾਵਟ ਪੈ ਗਈ।
ਇਸ ਤੋਂ ਨਾਰਾਜ਼ ਐੱਸਈ ਮਹਿੰਦੀਰੱਤਾ ਨੇ ਆਪਣੇ ਹੀ ਮਹਿਕਮੇ ਦੇ ਪ੍ਰਧਾਨ ਸਕੱਤਰ ਖ਼ਿਲਾਫ਼ ਮੁੱਖ ਮੰਤਰੀ ਕੋਲ ਸ਼ਿਕਾਇਤ ਕਰ ਦਿੱਤੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਤੋਂ ਹੁਕਮ ਮਿਲਣ ਪਿੱਛੋਂ ਵਿਭਾਗ ਦੇ ਸਕੱਤਰ ਨੇ ਐੱਸਈ ਕੋਲੋਂ ਪੁੱਛਗਿੱਛ ਕੀਤੀ। ਉਕਤ ਐੱਸਈ ਵੱਲੋਂ ਪਿਛਲੇ ਸਮੇਂ ’ਚ ਕਰਵਾਏ ਗਏ ਕੰਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਸਬੰਧੀ ਐੱਸਈ ਮਹਿੰਦੀਰੱਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਗੁਪਤ ਹੈ, ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।