ਜਲੰਧਰ ਪੁਲਿਸ ਨੇ ਵੱਡੇ ਪੱਧਰ ‘ਤੇ ਨਸ਼ਾ ਕੀਤਾ ਨਸ਼ਟ, 173 ਮੁਕੱਦਮਿਆਂ ਵਿੱਚ ਨਸ਼ਾ ਕੀਤਾ ਸੀ ਬਰਾਮਦ

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਦਿਆਂ ਵੱਡੇ ਪੱਧਰ ਤੇ ਨਸ਼ਾ ਬਰਾਮਦ ਕੀਤਾ ਹੈ। ਹੁਣ ਜਲੰਧਰ ਪੁਲਿਸ ਵੱਲੋਂ ਤਸਕਰਾਂ ਤੋਂ ਬਰਾਮਦ ਵੱਡੀ ਪੱਧਰ ‘ਤੇ ਨਸ਼ਾ ਨਸ਼ਟ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 173 ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੋਏ ਐਨ.ਡੀ.ਪੀ.ਐਕਟ ਦੇ 173 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਡੋਡੇ ਚੂਰਾ ਪੋਸਤ 1126 ਕਿੱਲੋ ਗ੍ਰਾਮ, ਹੈਰੋਇਨ 04 ਕਿੱਲੋ 343 ਗ੍ਰਾਮ, ਨਸ਼ੀਲਾ ਪਾਊਡਰ 04 ਕਿੱਲੋ 20 ਗ੍ਰਾਮ, ਚਰਸ 15 ਕਿੱਲੋ ਗ੍ਰਾਮ, ਗਾਂਜਾ ਚਾਰ ਕਿੱਲੋ 472 ਗ੍ਰਾਮ, ਟੀਕੇ 2256, ਨਸ਼ੀਲੀਆਂ ਗੋਲੀਆਂ 9937, ਨਸ਼ੀਲੇ ਕੈਪਸੂਲ 3446, ਨਸ਼ੀਲੀ ਦਵਾਈ 382 (ਸ਼ੀਸ਼ੀਆਂ), ਸਰਿੰਜਾਂ 13 ਤੇ ਸੂਈਆਂ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਬਾਹੀਆ, ਪੁਲਿਸ ਕਪਤਾਨ (ਜਾਂਚ) ਤੇ ਜਸਵਿੰਦਰ ਸਿੰਘ ਉਪ ਪੁਲਿਸ ਕਪਤਾਨ (ਡਿਟੈਕਟਿਵ) ਮੌਜੂਦ ਸਨ।