ਜਲੰਧਰ ਪਹੁੰਚੇ ਨਵਜੋਤ ਸਿੱਧੂ, ਭੀੜ ਹੋਈ ਬੇਕਾਬੂ, ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ

ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਜਲੰਧਰ ਪਹੁੰਚੇ ਹਨ। ਉਹਨਾਂ ਦੇ ਆਉਣ ਨੂੰ ਲੈ ਕੇ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਜਲੰਧਰ ਪਹੁੰਚਦੇ ਹੀ ਨਵਜੋਤ ਸਿੰਘ ਸਿੱਧੂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ, ਉੱਥੇ ਹੀ ਸਿੱਧੂ ਨੂੰ ਵੇਖ ਇਕੱਠੀ ਹੋਈ ਭੀੜ ਓਵਰਕੰਟਰੋਲ ਹੋ ਗਈ।

ਭੀੜ ਨੇ ਕਾਂਗਰਸ ਭਵਨ ਦਾ ਦਰਵਾਜ਼ਾ ਵੀ ਤੋੜ ਦਿੱਤਾ ਅਤੇ ਗਮਲੇ ਵੀ ਉਖਾੜ ਦਿੱਤੇ। ਇਸ ਦੌਰਾਨ ਨਵਜੋਤ ਸਿੱਧੂ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੌਂਸਲਰਾਂ, ਬਲਾਕ ਕਾਂਗਰਸ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰਾਂ, ਯੂਥ ਕਾਂਗਰਸ ਅਤੇ ਵੱਖ-ਵੱਖ ਫਰੰਟੀਅਲ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਨਬਜ਼ ਟਟੋਲਣਗੇ।
ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਸ਼ਹਿਰ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਾਂਗਰਸ ਭਵਨ ਵਿੱਚ ਸਾਰੇ ਪ੍ਰਬੰਧ ਕਰਵਾਏ। ਇਸ ਪ੍ਰੋਗਰਾਮ ਲਈ ਚੋਣਵੇਂ ਅਹੁਦੇਦਾਰਾਂ, ਚੇਅਰਮੈਨਾਂ ਨਾਲ ਹੀ ਸਿੱਧੂ ਦੀ ਮੁਲਾਕਾਤ ਕਰਵਾਈ ਜਾਵੇਗੀ।
