ਜਲੰਧਰ ਦੇ PPR ਮਾਲ ‘ਚ ਹੋਇਆ ਜ਼ਬਰਦਸਤ ਹੰਗਾਮਾ, ਸ਼ਰਾਬੀ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ

 ਜਲੰਧਰ ਦੇ PPR ਮਾਲ ‘ਚ ਹੋਇਆ ਜ਼ਬਰਦਸਤ ਹੰਗਾਮਾ, ਸ਼ਰਾਬੀ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ

ਜਲੰਧਰ ਦਾ ਪੀਪੀਆਰ ਮਾਲ ਨਸ਼ੇੜੀਆਂ ਅਤੇ ਹੁੱਲੜਬਾਜ਼ਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਇਹ ਸਭ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੁੰਦਾ ਹੈ ਕਿਉਂ ਕਿ ਪੁਲਿਸ ਵੱਲੋਂ ਪੀਪੀਆਰ ਮਾਰਕਿਟ ਵਿੱਚ ਸਥਿਤ ਰੈਸਟੋਰੈਂਟ ਵਾਲਿਆਂ ਨੂੰ ਗੱਡੀਆਂ ਵਿੱਚ ਸ਼ਰਾਬ ਪਿਆਉਣ ਦੀ ਖੁੱਲ੍ਹੀ ਛੋਟ ਦਿੱਤੀ ਗਈ ਹੈ। ਮੁੰਡੇ ਇੰਨੇ ਸ਼ਰਾਬੀ ਹੋ ਜਾਂਦੇ ਹਨ ਕਿ ਰੋਜ਼ਾਨਾ ਹੀ ਇੱਥੇ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਮੰਗਲਵਾਰ ਰਾਤ ਵੀ ਸ਼ਰਾਬੀ ਨੌਜਵਾਨਾਂ ਨੇ ਇਕ ਟੈਟੂ ਆਰਟਿਸਟ ਦੇ ਸਿਰ ਵਿਚ ਕੱਚ ਦੀ ਬੋਤਲ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਪਰ ਅਜੇ ਤੱਕ ਮੁਲਜ਼ਮ ਨੂੰ ਪੁਲਿਸ ਕਾਬੂ ਨਹੀਂ ਕਰ ਸਕੀ ਸੀ ਕਿ ਬੁੱਧਵਾਰ ਸ਼ਾਮ ਇਕ ਸ਼ਰਾਬੀ ਨੌਜਵਾਨ ਨੇ ਪਹਿਲਾਂ ਤਾਂ ਪੁਲਿਸ ਮੁਲਾਜ਼ਮ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਇਕ ਆਈ. ਪੀ. ਐੱਸ. ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ।

ਉਸ ਨੇ ਨਸ਼ੇ ਵਿਚ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਮਹਿਲਾ ਏ. ਸੀ. ਪੀ. ਨਾਲ ਵੀ ਬਦਸਲੂਕੀ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਲੋਕਾਂ ਦਾ ਵੀ ਗੁੱਸਾ ਭੜਕ ਉੱਠਿਆ ਅਤੇ ਉਸ ਸ਼ਰਾਬੀ ਨੌਜਵਾਨ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਤੋਂ ਬਾਅਦ ਉਸ ਨੂੰ ਥਾਣਾ ਸੱਤ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਵੱਲੋਂ ਮੁਲਜ਼ਮ ‘ਤੇ ਐੱਫ਼. ਆਈ. ਆਰ. ਨੰਬਰ 164/ 353, 186, 332, 333, 506, 294 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦਰਅਸਲ ਜਲੰਧਰ ਦੇ ਪੀ. ਪੀ. ਆਰ. ਮਾਰਕੀਟ ਵਿਚ ਪੁਲਸ ਅਧਿਕਾਰੀਆਂ ਦੀ ਨਾਕਾਬੰਦੀ ਦੌਰਾਨ ਇਕ ਸ਼ਰਾਬੀ ਗੱਡੀ ਚਾਲਕ ਨੇ ਮੁਲਾਜ਼ਮ ’ਤੇ ਗੱਡੀ ਚੜ੍ਹਾ ਦਿੱਤੀ।

ਪਿੱਛਾ ਕਰਕੇ ਪੁਲਸ ਮੁਲਾਜ਼ਮਾਂ ਨੇ ਗੱਡੀ ਚਾਲਕ ਨੂੰ ਕਾਬੂ ਕਰ ਲਿਆ, ਜਿਸ ਨੇ ਏ. ਡੀ. ਸੀ. ਪੀ. (ਆਈ. ਪੀ. ਐੱਸ.) ਦੀ ਵੀ ਵਰਦੀ ’ਤੇ ਹੱਥ ਪਾਇਆ। ਏਡੀਸੀਪੀ-2 ਆਦਿੱਤਿਆ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਪੀਪੀਆਰ. ਮਾਰਕਿਟ ਵਿੱਚ ਨਾਕਾਬੰਦੀ ਕੀਤੀ ਸੀ। ਨਾਕੇ ਦੌਰਾਨ ਇੱਕ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਲਜ਼ਾਮ ਹਨ ਕਿ ਉਸ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਉਸ ਨੇ ਪੁਲਿਸ ਨਾਲ ਬਦਸਲੂਕੀ ਕੀਤੀ।

Leave a Reply

Your email address will not be published.