ਜਲੰਧਰ ’ਚ ਲੱਗਣਗੇ 1200 ਸੀਸੀਟੀਵੀ ਕੈਮਰੇ, ਡਿਪਟੀ ਕਮਿਸ਼ਨਰ ਦੇ ਹੁਕਮ

ਜਲੰਧਰ ਸ਼ਹਿਰ ਵਿੱਚ ਵੱਡੇ ਪੱਧਰ ਤੇ ਨਿਗਰਾਨੀ ਅਤੇ ਟ੍ਰੈਫਿਕ ਵਿਵਸਥਾ ਲਈ ਜਲਦ 1200 ਸੀਸੀਟੀਵੀ ਕੈਮਰੇ ਤੇ ਪੁਲਿਸ ਲਾਈਨਜ਼ ਜਲੰਧਰ ਵਿਖੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਸਥਾਪਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਗੀਦਾਰਾਂ ਨਾਲ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਖੇਤਰਾਂ ਲਈ ਸਾਈਟ ਦਾ ਸਰਵੇਖਣ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਇਸ ਪ੍ਰਜੈਕਟ ਨੂੰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਨਗਰ ਨਿਗਮ, ਜਲੰਧਰ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਵਿੱਚ ਮਜ਼ਬੂਤ ਸੁਰੱਖਿਆ ਵਿਵਸਥਾ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਜ਼ਰੀਏ ਤੋਂ ਇਸ ਪ੍ਰਾਜੈਕਟ ਨੂੰ ਮਹੱਤਵਪੂਰਨ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ 78 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਠੇਕਾ ਕੇਈਸੀ ਨੂੰ ਦਿੱਤਾ ਗਿਆ ਹੈ ਅਤੇ ਪ੍ਰਾਜੈਕਟ ਸ਼ੁਰੂ ਹੋਣ ਦੀ ਮਿਤੀ ਤੋਂ ਨੌਂ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਸਿਟੀ ਸਰਵੇਲੈਂਸ, ਅਡੈਪਟਿਵ ਟਰੈਫਿਕ ਕੰਟਰੋਲ ਸਿਸਟਮ ਅਤੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ, ਵੇਰੀਏਬਲ ਮੈਸੇਜ ਸਾਈਨ ਬੋਰਡ ਦੀ ਸਥਾਪਨਾ, ਪਬਲਿਕ ਐਡਰੈਸ ਸਿਸਟਮ, ਐਮਰਜੈਂਸੀ ਕਾਲ ਬਾਕਸ, ਵੀਡੀਓ ਮੈਨੇਜਮੈਂਟ ਸਿਸਟਮ, ਪੋਲ ਤੇ ਜੰਕਸ਼ਨ ਬਾਕਸ, ਏਅਰ ਕੁਆਲਿਟੀ ਸੈਂਸਰ, ਏਕੀਕਰਣ, ਰੀਜਨਰ ਡਾਟਾ ਸੈਂਟਰ, ਨੈੱਟਵਰਕ ਸੈੱਟਅੱਪ ਅਤੇ ਆਈ.ਸੀ.ਸੀ.ਸੀ. ਪਲੇਟਫਾਰਮ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਵਿਸ਼ਾਲ ਬੁਨਿਆਦੀ ਢਾਂਚਾ ਈ-ਚਲਾਨ ਪ੍ਰਣਾਲੀ ਦੇ ਏਕੀਕ੍ਰਿਤ ਹੋਣ ਦੇ ਨਾਲ ਸਵੈਚਾਲਤ ਨੰਬਰ ਪਲੇਟ ਪਛਾਣ ਅਤੇ ਲਾਲ ਬੱਤੀ ਦੀ ਉਲੰਘਣਾ ਦਾ ਪਤਾ ਲਗਾਉਣ ਵਰਗੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਇਸੇ ਤਰ੍ਹਾਂ ਫੇਸ ਰਿਕੋਗਨੇਸ਼ਨ ਸਿਸਟਮ ਸ਼ਹਿਰ ਵਿੱਚ ਕਈ ਥਾਵਾਂ ‘ਤੇ ਅਪਰਾਧ ’ਤੇ ਕਾਬੂ ਰੱਖਣ ਵਿਚ ਮਦਦਗਾਰ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਇਕ ਅਨੁਕੂਲ ਟ੍ਰੈਫਿਕ ਕੰਟਰੋਲ ਪ੍ਰਣਾਲੀ ਵੀ ਸ਼ੁਰੂ ਕੀਤੀ ਜਾਵੇਗੀ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਭੀੜ-ਭੜੱਕੇ ਦੇ ਅਧਾਰ ‘ਤੇ ਟ੍ਰੈਫਿਕ ਸਿਗਨਲਾਂ ਨੂੰ ਕੰਟਰੋਲ ਕਰਨਾ, ਟ੍ਰੈਫਿਕ ਉਲੰਘਣਾ ਬਾਰੇ ਪਤਾ ਲਗਾਉਣ ਦੀ ਪ੍ਰਣਾਲੀ ਅਤੇ ਸਵੈਚਲਤ ਨੰਬਰ ਪਲੇਟ ਪਛਾਣ ਰਾਹੀਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਈ-ਚਾਲਾਨ ਜਾਰੀ ਕਰਨਾ ਸ਼ਾਮਲ ਹੈ।
ਇਨ੍ਹਾਂ ਸੀਸੀਟੀਵੀ ਕੈਮਰਿਆਂ ਰਾਹੀਂ ਕੈਦ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਆਈਸੀਸੀਸੀ ‘ਤੇ ਕੀਤੀ ਜਾਵੇਗੀ, ਜਿੱਥੇ ਸ਼ਹਿਰ ਦੇ ਐਂਟਰੀ-ਐਗਜ਼ਿਟ ਪੁਆਇੰਟਾਂ, ਰੈੱਡ ਅਲਰਟ ਪੁਆਇੰਟਾਂ, ਜੰਕਸ਼ਨਾਂ, ਹਸਪਤਾਲਾਂ, ਰੇਲਵੇ ਕ੍ਰਾਸਿੰਗਾਂ, ਬਾਜ਼ਾਰਾਂ, ਵਿੱਦਿਅਕ ਅਦਾਰਿਆਂ, ਸ਼ਹਿਰ ਦੀਆਂ ਮੁੱਖ ਸੜਕਾਂ ਸਮੇਤ ਸਾਰੀਆਂ ਥਾਵਾਂ ਨੂੰ ਕਵਰ ਕਰਨ ਲਈ ਵੀਡੀਓ ਵਾਲ ਸਥਾਪਤ ਕੀਤੀ ਜਾਵੇਗੀ।
