ਜਲੰਧਰ ’ਚ ਮਿੰਟਾਂ ‘ਚ ਢਹਿ-ਢੇਰੀ ਹੋਏ ਘਰ, ਸੜਕਾਂ ‘ਤੇ ਸਾਮਾਨ ਰੱਖਣ ਨੂੰ ਮਜ਼ਬੂਰ ਲੋਕ

ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲਗਦੇ ਲਤੀਫਪੁਰਾ ਵਿੱਚ ਨਜਾਇਜ਼ ਕਬਜ਼ਿਆਂ ਨੂੰ ਢਹਿ-ਢੇਰੀ ਕਰਨ ਦੀ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇੰਪਰੂਵਮੈਂਟ ਟਰੱਸਟ ਨੇ ਸੈਂਕੜੇ ਲੋਕਾਂ ਨੂੰ ਬੇਘਰ ਕਰਕੇ ਪਿਛਲੇ ਕਈ ਸਾਲਾਂ ਤੋਂ ਵਿਵਾਦਿਤ ਚੱਲੀ ਆ ਰਹੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਹੁਣ 12 ਦਸੰਬਰ ਨੂੰ ਮਾਣਯੋਗ ਹਾਈਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਟਰੱਸਟ ਅਤੇ ਪੁਲਿਸ ਪ੍ਰਸ਼ਾਸਨ ਐਕਸ਼ਨ ਟੇਕਨ ਰਿਪੋਰਟ ਦਾਇਰ ਕਰੇਗਾ।
ਕੱਲ੍ਹ ਰਾਤ ਤੋਂ ਹੀ ਪ੍ਰਭਾਵਿਤ ਘਰਾਂ ਦੇ ਨਿਵਾਸੀ ਸੜਕ ਤੇ ਖੜ੍ਹੇ ਹੋ ਕੇ ਉਹਨਾਂ ਦੇ ਘਰਾਂ ਨੂੰ ਤੋੜਨ ਸਬੰਧੀ ਹੋਣ ਵਾਲੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਸ਼ੁੱਕਰਵਾਰ ਸਵੇਰੇ 5.30 ਵਜੇ ਦੇ ਲਗਭਗ ਡੀਸੀਪੀ ਜਗਮੋਹਨ ਸਿੰਘ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ, ਏਡੀਸੀਪੀ ਸਿਟੀ-2 ਆਦਿੱਤਿਆ ਕੁਮਾਰ, ਏਸੀਪੀ ਮਾਡਲ ਟਾਊਨ ਰਣਧੀਰ ਸਿੰਘ ਦੀ ਅਗਵਾਈ ਵਿੱਚ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ 600 ਦੇ ਲਗਭਗ ਪੁਲਸ ਕਰਮਚਾਰੀਆਂ ਨੇ ਲਤੀਫਪੁਰਾ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ।
ਲੋਕਾਂ ਨੇ ਕਿਹਾ ਕਿ ਜੇਕਰ ਮਸ਼ੀਨਾਂ ਉਨ੍ਹਾਂ ਦੇ ਉਪਰੋਂ ਲੰਘ ਗਈਆਂ ਤਾਂ ਵੀ ਉਹ ਆਪਣੇ ਘਰ ਖਾਲੀ ਨਹੀਂ ਕਰਨਗੇ। ਕਿਸਾਨ ਜਥੇਬੰਦੀਆਂ ਵੀ ਲਤੀਫਪੁਰਾ ਦੇ ਲੋਕਾਂ ਦੇ ਸਮਰਥਨ ਵਿੱਚ ਆ ਗਈਆਂ ਹਨ। ਕਿਸਾਨਾਂ ਦੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਕੱਲ੍ਹ ਸਵੇਰੇ ਜਦੋਂ ਜਲੰਧਰ ਇੰਪਰੂਵਮੈਂਟ ਟਰੱਸਟ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਲਤੀਫਪੁਰਾ ਵਿੱਚ ਮਕਾਨਾਂ ਨੂੰ ਢਾਹੁਣ ਲਈ ਪੁਲੀਸ ਸੁਰੱਖਿਆ ਹੇਠ ਮਸ਼ੀਨਾਂ ਲੈ ਕੇ ਪੁੱਜੇ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਲਤੀਫਪੁਰਾ ਵਿੱਚ ਮਸ਼ੀਨਾਂ ਅੱਗੇ ਲੋਕ ਖੜ੍ਹੇ ਹੋ ਗਏ। ਪੁਲੀਸ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਉਥੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਇਸ ਦੌਰਾਨ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਲੋਕ ਵੀ ਉਥੇ ਪਹੁੰਚ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ।
ਇਸੇ ਵਿਚਕਾਰ ਇਕ ਮਕਾਨ ਨੂੰ ਤਾਲੇ ਲਾ ਕੇ ਇਕ ਪਰਿਵਾਰ ਛੱਤ ’ਤੇ ਜਾ ਚੜ੍ਹਿਆ ਅਤੇ ਕਾਰਵਾਈ ਦਾ ਵਿਰੋਧ ਕਰਨ ਲੱਗਾ ਪਰ ਪੁਲਸ ਕਰਮਚਾਰੀਆਂ ਨੇ ਉਕਤ ਪਰਿਵਾਰ ਨੂੰ ਹੇਠਾਂ ਲਾਹ ਲਿਆ, ਜਿਸ ਤੋਂ ਬਾਅਦ ਜੇ. ਸੀ. ਬੀ. ਨੇ ਉਸ ਨੂੰ ਵੀ ਡੇਗ ਦਿੱਤਾ। ਸਵੇਰੇ ਸ਼ੁਰੂ ਹੋਈ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਸਮੁੱਚੀ ਕਾਰਵਾਈ ਦੌਰਾਨ ਅਨੇਕ ਲੋਕ ਖ਼ੁਦ ਨੂੰ ਲਾਚਾਰ ਮਹਿਸੂਸ ਕਰਦਿਆਂ ਆਪਣੇ ਆਸ਼ਿਆਨੇ ਨੂੰ ਟੁੱਟਦਿਆਂ ਦੇਖਣ ਨੂੰ ਮਜਬੂਰ ਹੁੰਦੇ ਦਿਸੇ ਅਤੇ ਕਈ ਲੋਕਾਂ ਨੇ ਕਾਰਵਾਈ ਨਾ ਰੁਕਦੀ ਦੇਖ ਆਪਣੇ ਘਰਾਂ ਵਿਚੋਂ ਖੁਦ ਹੀ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ।
ਲੋਕ ਟਰਾਲੀਆਂ ਅਤੇ ਹੋਰ ਵਾਹਨਾਂ ’ਤੇ ਆਪਣਾ ਸਾਮਾਨ ਲਿਜਾਂਦੇ ਰਹੇ, ਉਥੇ ਹੀ ਜਿਹੜੇ ਗਰੀਬ ਲੋਕਾਂ ਕੋਲ ਕੋਈ ਸਾਧਨ ਨਹੀਂ ਸੀ, ਉਨ੍ਹਾਂ ਆਪਣਾ ਸਾਮਾਨ ਸੜਕ ਦੇ ਦੂਜੇ ਪਾਸੇ ਰੱਖ ਲਿਆ। ਇਸ ਦੌਰਾਨ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਛੋਟੇ-ਛੋਟੇ ਬੱਚੇ ਸਰਦੀ ਦੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠਾਂ ਬੈਠੇ ਹੋਏ ਸਨ ਅਤੇ ਸ਼ਾਇਦ ਉਨ੍ਹਾਂ ਨੂੰ ਸਮਝ ਵੀ ਨਹੀਂ ਆ ਰਿਹਾ ਹੋਵੇਗਾ ਕਿ ਆਖਿਰ ਉਨ੍ਹਾਂ ਨਾਲ ਹੋ ਕੀ ਰਿਹਾ ਹੈ।
ਜੋ ਵੀ ਹੋਵੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਚੀਕ-ਪੁਕਾਰ ਨਾਲ ਉਥੇ ਮੌਜੂਦ ਹਰੇਕ ਵਿਅਕਤੀ ਦੇ ਦਿਲ ’ਚ ਟੀਸ ਜਿਹੀ ਉੱਠਦੀ ਰਹੀ ਕਿ ਆਖਿਰ 70 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਜ਼ਮੀਨ ’ਤੇ ਰਹਿ ਰਹੇ ਲੋਕਾਂ ਦੀ ਕੀ ਗਲਤੀ ਹੈ, ਜੋ ਸਰਕਾਰ ਉਨ੍ਹਾਂ ਨੂੰ ਬੇਘਰ ਕਰ ਰਹੀ ਹੈ? ਟਰੱਸਟ ਦੀ ਕਬਜ਼ਿਆਂ ਨੂੰ ਡੇਗਣ ਦੀ ਕਾਰਵਾਈ ਸ਼ਾਮ 5 ਵਜੇ ਤੱਕ ਜਾਰੀ ਰਹੀ ਅਤੇ ਲਤੀਫਪੁਰਾ ਦੇ ਲੋਕਾਂ ਨੂੰ ਬੇਘਰ ਕਰਨ ਤੋਂ ਬਾਅਦ ਸਾਰੇ ਅਧਿਕਾਰੀ ਮੌਕੇ ਤੋਂ ਵਾਪਸ ਚਲੇ ਗਏ।
ਲਤੀਫਪੁਰਾ ਦੀ ਜ਼ਮੀਨ ਦਾ ਵਿਵਾਦ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਜਲੰਧਰ ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਦੀ ਜ਼ਮੀਨ ਦੀ ਮਾਲਕੀ ਸਾਬਤ ਕਰਨ ਲਈ ਸੁਪਰੀਮ ਕੋਰਟ ਤੱਕ ਲੜਾਈ ਲੜੀ ਅਤੇ ਜਿੱਤੀ। ਸੁਪਰੀਮ ਕੋਰਟ ਵਿੱਚ ਇਹ ਸਾਬਤ ਹੋਣ ਤੋਂ ਬਾਅਦ ਕਿ ਇਹ ਜ਼ਮੀਨ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਹੈ, ਇਸ ਦੇ ਕਬਜ਼ੇ ਲਈ ਲੜਾਈ ਸ਼ੁਰੂ ਹੋ ਗਈ।
ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਬਜ਼ੇ ਸਬੰਧੀ ਚੱਲ ਰਹੇ ਕੇਸ ਵਿੱਚ ਨਗਰ ਸੁਧਾਰ ਟਰੱਸਟ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਰਿਪੋਰਟ ਮੰਗੀ ਹੈ। ਹੁਣ ਅਦਾਲਤ ਵਿੱਚ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਜੇਆਈਟੀ ਨੇ ਲਤੀਫਪੁਰਾ ਵਾਲੀ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ। ਪ੍ਰਸ਼ਾਸਨ ਦੀ ਕਾਰਵਾਈ ਤੋਂ ਪਹਿਲਾਂ ਦਿੱਤੇ ਨੋਟਿਸ ਤੋਂ ਬਾਅਦ ਹੀ ਲਤੀਫਪੁਰਾ ਵਿੱਚ ਕੁਝ ਲੋਕਾਂ ਨੇ ਆਪਣੇ ਮਕਾਨ ਅਤੇ ਦੁਕਾਨਾਂ ਖਾਲੀ ਕਰ ਦਿੱਤੀਆਂ ਸਨ ਜੋ ਕਿ ਨਾਜਾਇਜ਼ ਤੌਰ ’ਤੇ ਬਣੀਆਂ ਹੋਈਆਂ ਸਨ।