ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਚਰਚਾ ‘ਚ ਹੈ ਜਿਸ ਦਾ ਕਾਰਨ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ। ਜਿਸ ਵਿਚ ਚਲਾਨ ਕੱਟਣ ਨੂੰ ਲੈ ਕੇ ਇੱਕ ਸਕਸ਼ ਦੀ ਪੁਲਿਸ ਨਾਲ ਤਕਰਾਰ ਹੁੰਦੀ ਹੈ ਤੇ ਵੀਡੀਓ ਬਣਾਉਣ ਵਾਲਾ ਵਿਅਕਤੀ ਪੁਲਿਸ ਮੁਲਾਜ਼ਮ ਤੇ ਇਲਜ਼ਾਮ ਲਾਉਂਦਾ ਸੁਣਾਈ ਦਿੰਦਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਉਸ ਦੇ ਬਿਨਾਂ ਗੱਲੋਂ ਚਪੇੜ ਮਾਰੀ ਗਈ।
ਵਿਅਕਤੀ ਦਾ ਇਲਜ਼ਾਮ ਹੈ ਕਿ ਜਦੋਂ ਉਹ ਪੁਲਿਸ ਨੂੰ ਉਨ੍ਹਾਂ ਦੀ ਨੇਮ ਪਲੇਟ ਤੋਂ ਬਿਨ੍ਹਾਂ ਚਲਾਣ ਕੱਟਣ ਬਾਰੇ ਸਵਾਲ ਪੁੱਛਦਾ ਹੈ ਤਾਂ ਪੁਲਿਸ ਮੁਲਾਜ਼ਮ ਉਸ ਦਾ ਫੋਨ ਖੋਹਣ ਲੱਗਦੇ ਹਨ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਿਨ੍ਹਾਂ ਨੇਮ ਪਲੇਟ ਪਾਈ ਇੱਕ ਕਾਨਸਟੇਬਲ ਲੋਕਾਂ ਦੇ ਚਲਾਨ ਕੱਟਦਾ ਨਜ਼ਰ ਵੀ ਆ ਰਿਹਾ ਹੈ। ਉੱਥੋਂ ਨਿਕਲੇ ਬਾਈਕ ਸਵਾਰ ਨੂੰ ਪੁਲਿਸ ਮੁਲਾਜ਼ਿਮ ਨੇ ਰੁਕਣ ਦਾ ਇਸ਼ਾਰਾ ਕੀਤਾ।
ਪੁਲਿਸ ਕਰਮਚਾਰੀ ਦਾ ਕਹਿਣਾ ਸੀ ਉਹ ਵਿਅਕਤੀ ਫੋਨ ਸੁਣ ਰਿਹਾ ਸੀ। ਬਾਈਕ ਸਵਾਰ ਦੇ ਰੁਕਦੇ ਹੀ ਉੱਥੇ ਖੜ੍ਹਾ ਇਕ ਐਸਆਈ ਵਿਅਕਤੀ ਨਾਲ ਬਦਸਲੂਕੀ ਕਰਨ ਲੱਗੇ। ਜਦੋਂ ਨੌਜਵਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਵਰਦੀ ਦਾ ਰੋਹਬ ਦਿਖਾਉਣਾ ਸ਼ੁਰੂ ਕਰ ਦਿੱਤਾ। ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਗੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਦੇਖੇ ਜਾ ਚੁੱਕੇ ਹਨ।
ਲਾਕਡਾਉਨ ਦੌਰਾਨ ਜਨਤਾ ਦੀ ਸੁਰੱਖਿਆ ਦਾ ਜ਼ਿੰਮਾ ਚੁੱਕਣ ਵਾਲੀ ਪੰਜਾਬ ਪੁਲਿਸ ਤੇ ਲੋਕਾਂ ਦੀ ਕੁੱਟਮਾਰ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ, ਹਾਲਾਂਕਿ ਪੁਲਿਸ ਅਕਸਰ ਹੀ ਆਪਣਾ ਅਕਸ਼ ਸੁਧਾਰਨ ਦੇ ਦਾਅਵੇ ਕਰਦੀ ਰਹਿੰਦੀ ਹੈ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੀਡੀਓਜ਼ ਕੁੱਝ ਹੋਰ ਹੀ ਕਹਾਣੀਆਂ ਬਿਆਨ ਕਰਦੀਆਂ ਹਨ।
