ਜਲੰਧਰ ‘ਚ ਕਈ ਲੋਕ ਹੋਏ ਬੇਘਰ, ਕੜਾਕੇ ਦੀ ਠੰਢ ‘ਚ ਰਾਤਾਂ ਕੱਟ ਰਹੇ ਲੋਕ

ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਲਤੀਫਪੁਰਾ ਵਿੱਚ ਲੋਕਾਂ ਦੇ ਘਰ ਢਾਹੇ ਗਏ। ਨਗਰ ਸੁਧਾਰ ਟਰੱਸਟ ਅਜੇ ਵੀ ਪੁਲਿਸ ਦੀ ਮਦਦ ਨਾਲ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੰਤਿਮ ਛੋਹਾਂ ਦੇਣ ਵਿੱਚ ਲੱਗਾ ਹੋਇਆ ਹੈ। ਜਾਣਕਾਰੀ ਮੁਤਾਬਕ 12 ਦਸੰਬਰ ਨੂੰ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਕਿ ਲਤੀਫਪੁਰਾ ਵਿੱਚੋਂ ਨਜਾਇਜ਼ ਕਬਜ਼ੇ ਹਟਾ ਦਿੱਤੇ ਹਨ ਕਿ ਨਹੀਂ।
ਇਸ ਮੁਹਿੰਮ ਦੌਰਾਨ ਆਪਣਾ ਘਰ ਤੇ ਦੁਕਾਨ ਗੁਆਉਣ ਵਾਲੇ ਇੱਕ ਵਿਅਅਕਤੀ ਨੇ ਘਰ ਦਾ ਬਚਿਆ ਹੋਇਆ ਸਮਾਨ ਤੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਪਸ਼ੂਆਂ ਲਈ ਛੱਤੇ ਵਰਾਂਡੇ ਵਿੱਚ ਰਾਤ ਕੱਟੀ ਜਦੋਂਕਿ ਉਸ ਦੇ ਬੱਚਿਆਂ ਦੀ ਪ੍ਰੀਖਿਆ ਵੀ ਸਿਰ ਤੇ ਹੈ। ਪੁਲਿਸ ਦੇ ਡੀਸੀਪੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਪਰਿਵਾਰ ਨੂੰ 10 ਮਿੰਟਾਂ ਵਿੱਚ ਘਰ ਖਾਲੀ ਨਾ ਕਰਨ ਤੇ ਅਪਸ਼ਬਦ ਬੋਲਦੇ ਨਜ਼ਰ ਆ ਰਹੇ ਹਨ।
ਪਾਕਿਸਤਾਨ ਤੋਂ ਉਜੜ ਕੇ ਆਏ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਉਹਨਾਂ ਨੂੰ ਆਪਣਾ ਘਰ ਨਸੀਬ ਨਹੀਂ ਹੋਇਆ। ਜਲੰਧਰ ਇੰਪਰੂਵਮੈਂਟ ਟਰੱਸਟ ਬਣਨ ਤੋਂ ਪਹਿਲਾਂ ਉਹ ਉੱਥੇ ਰਹਿ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਬੇਘਰ ਕਰਨ ਦਾ ਇੱਕੋ ਇੱਕ ਕਾਰਨ ਹੈ ਕਿ ਇਸ ਜ਼ਮੀਨ ਦੀ ਕੀਮਤ ਹੁਣ ਸੈਂਕੜੇ ਕਰੋੜਾਂ ਰੁਪਏ ਹੈ।
ਉਨ੍ਹਾਂ ਕਿਹਾ ਕਿ ਜੇਆਈਟੀ ਨੇ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਅਤੇ ਮੀਡੀਆ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੱਸਟ ਇੱਥੇ ਉਸਾਰੀਆਂ ਢਾਹੁਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰ ਖਾਲੀ ਕਰਨ ਲਈ ਦੋ ਘੰਟੇ ਦਾ ਸਮਾਂ ਨਹੀਂ ਦਿੱਤਾ ਗਿਆ। ਉਹ ਕਿਰਾਏ ’ਤੇ ਘਰ ਲੱਭ ਰਹੇ ਹਨ ਪਰ ਅਜੇ ਤੱਕ ਨਹੀਂ ਮਿਲਿਆ। ਦੱਸ ਦਈਏ ਕਿ ਲਤੀਫਪੁਰਾ ਵਿੱਚ ਨਾਜ਼ਾਇਜ਼ ਕਬਜ਼ੇ ਹਟਾਉਣ ਲਈ ਚੱਲੀਆਂ ਡਿਚ ਮਸ਼ੀਨਾਂ ਨੇ ਇੱਕਲੇ ਘਰ ਜਾਂ ਦੁਕਾਨਾਂ ਹੀ ਨਹੀਂ ਢਾਹੀਆਂ ਸਗੋਂ ਕਈ ਬੱਚਿਆਂ ਦੇ ਸੁਪਨਿਆਂ ਨੂੰ ਵੀ ਮਧੋਲ ਕੇ ਰੱਖ ਦਿੱਤਾ ਹੈ।