“ਜਦੋਂ ਤਕ ਕਿਸਾਨ ਜਿੱਤ ਹਾਸਲ ਨਹੀਂ ਕਰਦੇ, ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ”: ਰਾਕੇਸ਼ ਟਿਕੈਤ

ਅੱਜ ਮੁਜ਼ੱਫਰਨਗਰ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਹੋਈ ਹੈ। ਇਸ ਮਹਾਂਪੰਚਾਇਤ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਹੋਇਆ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕੇਂਦਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ, “ਦਿੱਲੀ ਦੀਆਂ ਸਰਹੱਦਾਂ ਤੇ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਭਾਵੇਂ ਉਹਨਾਂ ਦੀ ਕਬਰ ਹੀ ਕਿਉਂ ਨਾ ਬਣ ਜਾਵੇ।

ਜਦੋਂ ਤਕ ਕਿਸਾਨ ਜਿੱਤ ਹਾਸਲ ਨਹੀਂ ਕਰਦੇ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।” ਆਪਣੇ ਸੰਬੋਧਨ ਦੌਰਾਨ ਸਟੇਜ ਤੋਂ ਟਿਕੈਤ ਨੇ ਅੱਲਾਹਹੂ-ਅਕਬਰ ਅਤੇ ਹਰ-ਹਰ ਮਹਾਂਦੇਵ ਦੇ ਨਾਅਰੇ ਵੀ ਲਾਏ। ਟਿਕੈਤ ਨੇ ਕਿਹਾ ਕਿ, “ਅੱਲਾਹ ਅਕਬਰ ਅਤੇ ਹਰ-ਹਰ ਮਹਾਦੇਵ ਦੇ ਨਾਅਰੇ ਪਹਿਲਾਂ ਵੀ ਲਗਦੇ ਸੀ ਅਤੇ ਅੱਗੇ ਵੀ ਲੱਗਣਗੇ।” ਉਹਨਾਂ ਅੱਗੇ ਕਿਹਾ ਕਿ, “ਅਸੀਂ ਸੰਕਲਪ ਲੈਂਦੇ ਹਾਂ ਕਿ ਉਹ ਧਰਨਾ ਨਹੀਂ ਛੱਡਾਂਗੇ, ਭਾਵੇਂ ਸਾਡੀ ਕਬਰ ਹੀ ਕਿਉਂ ਨਾ ਬਣ ਜਾਵੇ।
ਜ਼ਰੂਰਤ ਪੈਣ ਤੇ ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ ਪਰ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ, ਧਰਨਾ ਲਗਾਤਾਰ ਜਾਰੀ ਰਹੇਗਾ।” ਕਿਸਾਨ ਲੀਡਰ ਨੇ ਕਿਹਾ ਕਿ, “ਕਿਸਾਨ ਅੰਦੋਲਨ ਉਦੋਂ ਤੱਕ ਚੱਲੇਗਾ ਜਦੋਂ ਤਕ ਸਰਕਾਰ ਚਲਾਵੇਗੀ। ਜਦੋਂ ਤਕ ਉਹ ਗੱਲ ਨਹੀਂ ਮੰਨਣਗੇ ਅੰਦੋਲਨ ਚਲੇਗਾ। ਜੇ ਸਰਕਾਰ ਉਹਨਾਂ ਲਈ ਗੱਲ ਕਰੇਗੀ ਤਾਂ ਉਹ ਜ਼ਰੂਰ ਕਰਨਗੇ।” ਟਿਕੈਤ ਨੇ ਕਿਹਾ, “ਦੇਸ਼ ਬਚੇਗਾ, ਤਾਂ ਹੀ ਸੰਵਿਧਾਨ ਬਚੇਗਾ।
ਸਰਕਾਰ ਨੇ ਰੇਲ, ਤੇਲ ਤੇ ਹਵਾਈ ਅੱਡੇ ਵੇਚ ਦਿੱਤੇ ਹਨ। ਸਰਕਾਰ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ। ਉਹ ਬਿਜਲੀ ਵੇਚਣਗੇ ਤੇ ਇਸ ਨੂੰ ਪ੍ਰਾਈਵੇਟ ਬਣਾ ਦੇਣਗੇ। ਉਹ ਸੜਕਾਂ ਵੀ ਵੇਚਣਗੇ ਤੇ ਉਨ੍ਹਾਂ ਉੱਤੇ ਚੱਲਣ ਬਦਲੇ ਸਾਡੇ ਤੋਂ ਟੈਕਸ ਵੀ ਵਸੂਲਣਗੇ।” ਅਜਿਹੀ ਸਥਿਤੀ ਵਿੱਚ ਸਾਰੇ ਵੱਡੇ ਮੁੱਦਿਆਂ ਨੂੰ ਇਕੱਠੇ ਲਿਆ ਕੇ ਦੇਸ਼ ਨੂੰ ਬਚਾਇਆ ਜਾਣਾ ਹੈ। ਟਿਕੈਤ ਨੇ ਇੱਕ ਗੰਭੀਰ ਇਲਜ਼ਾਮ ਲਗਾਇਆ ਕਿ ਭਾਰਤ ਹੁਣ ਵਿਕਾਊ ਹੋ ਚੁੱਕਾ ਹੈ।
ਭਾਰਤ ਲਈ ‘ਔਨ ਸੇਲ ਦਾ ਬੋਰਡ ਲਾ ਦਿੱਤਾ ਗਿਆ ਹੈ। ਐਲਆਈਸੀ, ਬੈਂਕ ਸਭ ਕੁਝ ਵੇਚੇ ਜਾ ਰਹੇ ਹਨ। ਉਨ੍ਹਾਂ ਦੇ ਖਰੀਦਦਾਰ ਅਡਾਨੀ, ਅੰਬਾਨੀ ਹਨ. ਐਫਸੀਆਈ ਦੀ ਜ਼ਮੀਨ, ਗੋਦਾਮ ਸਭ ਅਡਾਨੀ ਨੂੰ ਦੇ ਦਿੱਤੇ ਗਏ ਹਨ। ਸੈਂਕੜੇ ਕਿਲੋਮੀਟਰ ਸਮੁੰਦਰੀ ਕੰਢੇ ਵਿਕ ਗਏ ਹਨ, ਮਛੇਰੇ ਪਰੇਸ਼ਾਨ ਹਨ।
ਜਿਸ ਜ਼ਮੀਨ ਤੋਂ ਅਸੀਂ ਆਏ ਹਾਂ, ਇਹ ਗੰਨੇ ਦੀਆਂ ਪੱਟੀਆਂ ਹਨ। ਜਦੋਂ ਸਾਡੀ ਸਰਕਾਰ ਆਵੇਗੀ, ਇਹ ਗੰਨੇ ਦੀ 450 ਰੁਪਏ ਪ੍ਰਤੀ ਕੁਇੰਟਲ ਕੀਮਤ ਦੇਵੇਗੀ। ਹਜ਼ਾਰਾਂ ਕਰੋੜਾਂ ਰੁਪਏ ਬਕਾਇਆ ਹਨ। ਅਸੀਂ 9 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਾਂ ਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਜਦੋਂ ਦੇਸ਼ ਦੇ ਕਿਸਾਨ ਅਤੇ ਨੌਜਵਾਨ ਜਿੱਤਣਗੇ, ਤਾਂ ਅਸੀਂ ਆਪਣੇ ਘਰਾਂ ਤੇ ਪਿੰਡਾਂ ਵਿੱਚ ਜਾਵਾਂਗੇ।
