ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ 28 ਦਸੰਬਰ ਨੂੰ 10 ਮਿੰਟਾਂ ਲਈ ਕਰੋ ਮੂਲ ਮੰਤਰ ਦਾ ਜਾਪ: ਜੱਥੇਦਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਦੇ ਹੁਕਮਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਹਾੜੇ ਮੌਕੇ 28 ਦਸੰਬਰ ਨੂੰ 10 ਮਿੰਟ ਲਈ ਮੂਲਮੰਤਰ ਦਾ ਜਾਪ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਦੇਸ਼ ਦੁਨੀਆ ਵਿੱਚ ਵੱਸਦੀ ਸੰਗਤ ਸ਼ਹੀਦੀ ਦਿਹਾੜੇ ਮੌਕੇ ਸ਼ਮੂਲੀਅਤ ਲਈ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮਾਂ ਅਨੁਸਾਰ 28 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟਾਂ ਲਈ ਮੂਲ ਮੰਤਰ ਦੇ ਜਾਪ ਨਾਲ ਜੁੜਨ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਨੀਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਆਪਣਾ ਸੰਦੇਸ਼ ਜਾਰੀ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਤੇ ਹੋਰ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਨਸ਼ੇ ਤਿਆਗਣ ਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ।
ਜੱਥੇਦਾਰ ਨੇ ਕਿਹਾ ਕਿ ਸਿੱਖ ਇਤਿਹਾਸ ਦਾ ਕੋਈ ਵੀ ਪੰਨਾ ਅਜਿਹਾ ਨਹੀਂ ਹੈ, ਜਿਸ ਵਿੱਚ ਸ਼ਹਾਦਤਾਂ ਦਾ ਜ਼ਿਕਰ ਨਾ ਹੋਵੇ ਤੇ ਪੋਹ ਦੇ ਮਹੀਨੇ ਦਾ ਇਹ ਪੰਦਰਵਾੜਾ ਸਿੱਖ ਕੌਮ ਲਈ ਬਹੁਤ ਅਹਿਮੀਅਤ ਰੱਖਦਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਉਹ ਸਾਬਤ ਸੂਰਤ ਬਣਨ ਤੇ ਨਸ਼ਿਆਂ ਵਰਗੀਆਂ ਬੁਰਾਈ ਦਾ ਤਿਆਗ ਕਰਕੇ ਗੁਰੂਆਂ ਵੱਲੋਂ ਦੱਸੇ ਮਾਰਗ ਤੇ ਤੁਰਨ।