ਚੱਕੀ ਦਰਿਆ ’ਚ ਰਾਜਮਾਰਗ ’ਤੇ ਬਣੇ ਪੁਲ ਨੂੰ ਖ਼ਤਰਾ, ਆਵਾਜਾਈ ਕੀਤੀ ਬੰਦ

 ਚੱਕੀ ਦਰਿਆ ’ਚ ਰਾਜਮਾਰਗ ’ਤੇ ਬਣੇ ਪੁਲ ਨੂੰ ਖ਼ਤਰਾ, ਆਵਾਜਾਈ ਕੀਤੀ ਬੰਦ

ਪੰਜਾਬ-ਹਿਮਾਚਲ ਸਰਹੱਦ ਤੇ ਵਗਦੇ ਚੱਕੀ ਦਰਿਆ ਵਿੱਚ ਭਾਰੀ ਹੜ੍ਹ ਆਉਣ ਨਾਲ ਰੇਲਵੇ ਪੁਲ ਢਹਿ-ਢੇਰੀ ਹੋ ਗਿਆ ਸੀ। ਪਠਾਨਕੋਟ-ਕੁੱਲੂ ਰਾਸ਼ਟਰੀ ਰਾਜਮਾਰਗ ਦੇ ਪੁਲ ਨੂੰ ਵੀ ਖਤਰਾ ਬਣ ਗਿਆ ਹੈ, ਕਿਉਂ ਕਿ ਪਾਣੀ ਦੇ ਤੇਜ਼ ਵਹਾਅ ਨਾਲ ਸੜਕ ਦੇ ਪੁਲ ਦੇ 2 ਪਿੱਲਰ ਹੇਠਾਂ ਤੋਂ ਖਾਲੀ ਹੋਣਾ ਸ਼ੁਰੂ ਹੋ ਗਏ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਹਿਮਾਚਲ ਦੋਵੇਂ ਪ੍ਰਸ਼ਾਸਨ ਵੱਲੋਂ ਪੁਲ ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਹਨਾਂ ਪਿੱਲਰਾਂ ਦੇ ਹੇਠਾਂ ਤੋਂ ਪਾਣੀ ਪੂਰੇ ਤੇਜ਼ ਵਹਾਅ ਨਾਲ ਵਹਿ ਰਿਹਾ ਹੈ ਜਿਸ ਕਾਰਨ ਪੁਲ ਹਾਦਸਾਗ੍ਰਸਤ ਹੋ ਸਕਦਾ ਹੈ। ਸੜਕੀ ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਿਮਾਚਲ ਜਾਣ ਵਾਲੇ ਲੋਕਾਂ ਨੂੰ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਮੰਜ਼ਿਲ ਵਲ ਜਾਣਾ ਪੈ ਰਿਹਾ ਹੈ। ਸ਼ਨੀਵਾਰ ਸਵੇਰੇ ਪਠਾਨਕੋਟ-ਹਿਮਾਚਲ ਰੇਲ ਮਾਰਗ ਤੇ ਸਥਿਤ ਰੇਲਵੇ ਪੁਲ ਦੇ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣ ਤੋਂ ਬਾਅਦ ਰੇਲ ਮਾਰਗ ਤੋਂ ਹਿਮਾਚਲ ਪੂਰੀ ਤਰ੍ਹਾਂ ਨਾਲ ਕੱਟਿਆ ਗਿਆ ਸੀ।

ਐਤਵਾਰ ਨੂੰ ਡੀਆਰਐਮ ਫਿਰੋਜ਼ਪੁਰ ਸੀਮਾ ਸ਼ਰਮਾ ਪੂਰੀ ਤਰ੍ਹਾਂ ਨਾਲ ਨੁਕਸਾਨੇ ਜਾ ਚੁੱਕੇ ਪੁਲ ਦਾ ਜਾਇਜ਼ਾ ਲੈਣ ਲਈ ਪਠਾਨਕੋਟ ਕੈਂਟ ਤੋਂ ਸੜਕ ਮਾਰਗ ਰਾਹੀਂ ਘਟਨਾ ਸਥਾਨ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨੁਕਸਾਨੇ ਰੇਲਵੇ ਪੁਲ ਦਾ ਜਾਇਜ਼ਾ ਲੈਣ ਪਹੁੰਚੀ ਫਿਰੋਜ਼ਪੁਰ ਰੇਲ ਮੰਡਲ ਦੀ ਡਿਵੀਜ਼ਨਲ ਰੇਲ ਮੈਨੇਜਰ ਸੀਮਾ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲ ਦਾ ਜਾਇਜ਼ਾ ਲੈਣ ਲਈ ਉਹਨਾਂ ਦੇ ਨਾਲ ਦਿੱਲੀ ਤੋਂ ਵੀ ਇੰਜੀਨੀਅਰਿੰਗ ਟੀਮ ਆਈ ਹੋਈ ਹੈ।

Leave a Reply

Your email address will not be published.