ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਜਿੱਤ ਤੋਂ ਬਾਅਦ ‘ਆਪ’ ਨੇ ਉਮੀਦਵਾਰਾਂ ਦੀ 5ਵੀਂ ਸੂਚੀ ਕੀਤੀ ਜਾਰੀ

ਆਮ ਆਦਮੀ ਪਾਰਟੀ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਮਿਲੀ ਹੈ। ਰਾਜਾਸਾਂਸੀ ਤੋਂ ਬਲਦੇਵ ਸਿੰਘ ਮਿਆਦੀਆ, ਕਪੂਰਥਲਾ ਤੋਂ ਮੰਜੂ ਰਾਣਾ, ਸ਼ਾਹਕੋਟ ਤੋਂ ਰਤਨ ਸਿੰਘ ਕਾਕੜਕਲਾਂ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੂਰਾਲ, ਆਦਮਪੁਰ ਤੋਂ ਜੀਤ ਲਾਲ ਭੱਟੀ ਨੂੰ ਟਿਕਟ ਮਿਲੀ ਹੈ।

ਇਸ ਵਾਰ 15 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬੰਗਾ ਹਲਕੇ ਤੋਂ ਕੁਲਜੀਤ ਸਿੰਘ ਸਰਹਾਲ ਚੋਣ ਲੜਨਗੇ, ਸ੍ਰੀ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਐਸਏਐਸ ਨਗਰ ਤੋਂ ਕੁਲਵੰਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਮੋਹਾਲੀ ਦੇ ਸਾਬਕਾ ਮੇਅਰ ਹਨ। ਉਹ ਕੁਲਵੰਤ ਸਿੰਘ ਆਪਣੇ ਸਾਥੀਆਂ ਸਮੇਤ ਪਾਰਟੀ ‘ਚ ਸ਼ਾਮਲ ਹੋਏ ਹਨ। ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਰਾਘਵ ਚੱਢਾ ਮੌਜੂਦ ਸਨ। ਉਨ੍ਹਾਂ ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਸੁਆਗਤ ਕੀਤਾ ਗਿਆ।

ਦੱਸ ਦਈਏ ਕਿ ਚੌਥੀ ਸੂਚੀ ਵਿੱਚ ਕਈ ਸੀਨੀਅਰ ਲੀਡਰਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਭ ਤੋਂ ਨਾਮੀ ਚਿਹਰਾ ਭਗਵੰਤ ਮਾਨ ਦੇ ਹਲਕੇ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਨੂੰ ਟਿਕਟ ਦਿੱਤੀ ਹੈ।
