ਚੋਣਾਂ ਤੋਂ 14 ਦਿਨ ਪਹਿਲਾਂ ਬੰਗਾਲ ਜਾਣਗੇ ਰਾਕੇਸ਼ ਟਿਕੈਤ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਰਣਨੀਤੀ ਬਣਾ ਰਹੇ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਕਿ ਉਹ ਚੋਣਾਂ ਸਿਰਫ 14 ਦਿਨ ਪਹਿਲਾਂ ਯਾਨੀ 13 ਮਾਰਚ ਨੂੰ ਬੰਗਾਲ ਜਾਣਗੇ ਅਤੇ ਉੱਥੇ ਆਯੋਜਿਤ ਇਕ ਮਹਾਂਪੰਚਾਇਤ ਵਿੱਚ ਸ਼ਾਮਲ ਹੋਣਗੇ।

ਸੰਯੁਕਤ ਕਿਸਾਨ ਮੋਰਚਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਚੋਣਾਂ ਵੇਲੇ ਰਾਜਾਂ ਦੇ ਲੋਕਾਂ ਤੋਂ ਕਿਸਾਨ ਵਿਰੋਧੀ ਅਤੇ ਗਰੀਬ ਵਿਰੋਧੀ ਨੀਤੀਆਂ ਖਿਲਾਫ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰੇਗਾ। ਦਸਿਆ ਜਾ ਰਿਹਾ ਹੈ ਕਿ ਡਾ. ਦਰਸ਼ਨਪਾਲ, ਯੋਗਿੰਦਰ ਯਾਦਵ, ਬਲਬੀਰ ਸਿੰਘ ਰਾਜੇਵਾਲ ਵਰਗੇ ਹੋਰ ਕਿਸਾਨ ਆਗੂ ਵੀ 12 ਮਾਰਚ ਨੂੰ ਇਸ ਮਹਾਂਪੰਚਾਇਤ ਵਿੱਚ ਸ਼ਾਮਲ ਹੋਣਗੇ ਜਦਕਿ ਟਿਕੈਤ 13 ਮਾਰਚ ਨੂੰ ਇਸ ਨੂੰ ਸੰਬੋਧਿਤ ਕਰਨਗੇ।
ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ’ਤੇ 8 ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਪਹਿਲਾ ਪੜਾਅ-27 ਮਾਰਚ, ਦੂਜਾ ਪੜਾਅ-1 ਅਪ੍ਰੈਲ, ਤੀਜਾ ਪੜਾਅ-6 ਅਪ੍ਰੈਲ, ਚੌਥਾ ਪੜਾਅ-10 ਅਪ੍ਰੈਲ, ਪੰਜਵਾਂ ਪੜਾਅ-17 ਅਪ੍ਰੈਲ, ਛੇਵਾਂ ਪੜਾਅ-22 ਅਪ੍ਰੈਲ, ਸੱਤਵਾਂ ਪੜਾਅ-26 ਅਪ੍ਰੈਲ ਅਤੇ ਅੱਠਵਾਂ ਪੜਾਅ-29 ਅਪ੍ਰੈਲ ਨੂੰ ਹੋਵੇਗਾ। ਇਸ ਦੌਰਾਨ ਰਿਟਾਇਰਡ ਪੁਲਿਸ ਅਧਿਕਾਰੀ ਵਿਵੇਕ ਦੂਬੇ ਅਤੇ ਐਮਕੇ ਦਾਸ ਨੂੰ ਅਬਜਰਵਰ ਬਣਾਇਆ ਗਿਆ ਹੈ। ਪੱਛਮੀ ਬੰਗਾਲ ਵਿੱਚ 2016 ਵਿੱਚ 77,413 ਚੋਣ ਕੇਂਦਰ ਸਨ, ਜਦਕਿ ਇਸ ਵਾਰ 1,01,916 ਚੋਣ ਕੇਂਦਰ ਹੋਣਗੇ 2 ਮਈ ਨੂੰ ਰਿਜ਼ਲਟ ਆਵੇਗਾ।
