ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਨੂੰ ਵੱਡੀ ਰਾਹਤ, ਰੇਤ ਮਾਈਨਿੰਗ ਮਾਮਲੇ ’ਚ ਮਿਲੀ ਕਲੀਨ ਚਿੱਟ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਰਾਹਤ ਮਿਲੀ ਹੈ। ਨਜਾਇਜ਼ ਰੇਤ ਮਾਈਨਿੰਗ ਮਾਮਲੇ ਦੇ ਇਲਜ਼ਾਮਾਂ ਵਿੱਚ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਨੇ ਚਰਨਜੀਤ ਸਿੰਘ ਚੰਨੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੀ ਭੂਮਿਕਾ ਬਾਰੇ ਕੋਈ ਸ਼ਿਕਾਇਤ ਨਹੀਂ ਹੈ।

ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਤਾਂ ਗਰਮੀ ਆਈ ਹੈ, ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪ ਤੇ ਹਮਲਾਵਰ ਹੋ ਗਏ ਹਨ। ਕਲੀਨ ਚਿੱਟ ਮਿਲਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਪ ਦੀ ਸਿਆਸਤ ਸਿਰਫ਼ ਝੂਠ ਤੇ ਟਿਕੀ ਹੋਈ ਹੈ।
ਇਹ ਪਹਿਲਾਂ ਦੂਜਿਆਂ ਤੇ ਦੋਸ਼ ਲਾ ਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਅਦ ਵਿੱਚ ਮੁਆਫੀ ਮੰਗ ਲੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪ ਨੇ ਉਹਨਾਂ ਦਾ ਅਕਸ ਖਰਾਬ ਕਰਨ ਲਈ ਝੂਠੇ ਇਲਜ਼ਾਮ ਲਾਉਂਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਸ਼ਿਕਾਇਤ ਕਰ ਦਿੱਤਈ।
ਰਾਜਪਾਲ ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਹੋਣ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਜਾਂਚ ਵਿੱਚ ਸਾਫ਼ ਹੋ ਗਿਆ ਕਿ ਮੁੱਖ ਮੰਤਰੀ ਚੰਨੀ ਜਾਂ ਉਹਨਾਂ ਦੇ ਰਿਸ਼ਤੇਦਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
