ਚੀਨੀ ਡੋਰ ਦੀ ਚਪੇਟ ’ਚ ਆਇਆ ਐਕਟਿਵਾ ’ਤੇ ਜਾ ਰਿਹਾ ਵਿਅਕਤੀ, ਹਾਲਤ ਗੰਭੀਰ

ਪੁਲਿਸ ਦੀ ਸਖ਼ਤੀ ਦੇ ਬਾਵਜੂਦ ਚੀਨੀ ਡੋਰ ਦੀ ਵਿਕਰੀ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਨਾਲ ਰੋਜ਼ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਮਾਮਲਾ ਹੁਣ ਜਗਰਾਉਂ ਇਲਾਕੇ ਵਿੱਚੋਂ ਆਇਆ ਹੈ। ਇੱਥੇ ਪਾਬੰਦੀਸ਼ੁਦਾ ਚੀਨੀ ਡੋਰ ਦੀ ਲਪੇਟ ਵਿੱਚ ਆਏ ਢਾਬਾ ਡਰਾਈਵਰ ਦਾ ਸਿਰ ਤੇ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਸਮਾਜ ਸੇਵੀਆਂ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸਖ਼ਤ ਰੁਖ਼ ਅਪਨਾਉਣ ਲਈ ਵੀ ਜ਼ੋਰ ਪਾਇਆ ਹੈ। ਜਾਣਕਾਰੀ ਮੁਤਾਬਕ ਰਵੀਦੀਪ ਸਿੰਘ ਵਾਸੀ ਪਿੰਡ ਅਗਵਾੜ ਪੋਨਾ ਨੇ ਦੱਸਿਆ ਕਿ ਉਹ ਨਹਿਰੀ ਪੁਲ ਅਖਾੜਾ ਤੇ ਇੱਕ ਰੈਸਟਰਾਂ ਚਲਾਉਂਦਾ ਹੈ। ਉਹ ਆਪਣੇ ਕੰਮ ਸਮੇਟ ਕੇ ਐਕਟਿਵਾ ਸਕੂਟਰ ਤੇ ਘਰ ਆ ਗਿਆ ਸੀ ਕਿ ਸੇਂਟ ਮਹਾਂ ਪ੍ਰੱਗਿਆ ਸਕੂਲ ਕੋਲ ਪਹੁੰਚਿਆ ਤਾਂ ਆਲੇ ਦੁਆਲੇ ਘਰਾਂ ਦੀਆਂ ਛੱਤਾਂ ਤੇ ਕੁਝ ਮੁੰਡੇ ਪਤੰਗਾਂ ਉਡਾ ਰਹੇ ਸੀ। ਅਚਾਨਕ ਉਸ ਦੇ ਅੱਗੇ ਕਿਸੇ ਦੀ ਪਤੰਗ ਦੀ ਡੋਰ ਆ ਗਈ।
ਜਦੋਂ ਰਵੀਦੀਪ ਸਿੰਘ ਨੇ ਆਪਣੇ ਹੱਥ ਨਾਲ ਡੋਰ ਹਟਾਉਣ ਦੀ ਕੋਸ਼ਿਸ ਕੀਤੀ ਤਾਂ ਡੋਰ ਨੇ ਹੱਥ ਦੀ ਉਂਗਲ ਚੀਰ ਦਿੱਤੀ ਤੇ ਮੱਥੇ ਤੋਂ ਹੁੰਦੀ ਹੋਈ ਸਿਰ ’ਚ ਡੂੰਘਾ ਜ਼ਖਮ ਕਰ ਦਿੱਤਾ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਉੱਧਰ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਅਣਪਛਾਤਿਆਂ ਖਿਲ਼ਾਫ ਕੇਸ ਦਰਜ ਕਰ ਲਿਆ ਹੈ।