ਘਰੇਲੂ LPG ਸਿਲੰਡਰ ਦੀ ਕੀਮਤ ਵਧੀ, 50 ਰੁਪਏ ਹੋਇਆ ਵਾਧਾ

ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਘਰੇਲੂ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇਸ ਤੋਂ ਪਹਿਲਾਂ 22 ਮਾਰਚ ਨੂੰ 50 ਰੁਪਏ ਪ੍ਰਤੀ ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦਿੱਲੀ ਵਿੱਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ’ਤੇ ਪਹੁੰਚ ਗਈ ਸੀ।

ਅੱਜ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਸਿਲੰਡਰ ਦੀ ਕੀਮਤ 999.50 ਰੁਪਏ ਹੋ ਗਈ ਹੈ। ਪੈਟਰੋਲੀਅਮ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਅਪ੍ਰੈਲ ਵਿੱਚ ਐਲਪੀਜੀ ਦੀ ਖਪਤ ਮਹੀਨਾਵਾਰ ਆਧਾਰ ’ਤੇ 9.1 ਪ੍ਰਤੀਸ਼ਤ ਘੱਟ ਕੇ 2.2 ਮਿਲੀਅਨ ਟਨ ਰਹਿ ਗਈ, ਜੋ ਅਪ੍ਰੈਲ 2021 ਦੇ ਮੁਕਾਬਲੇ 5.1 ਪ੍ਰਤੀਸ਼ਤ ਵੱਧ ਹੈ।
ਮਾਰਚ ਤੋਂ ਪਹਿਲਾਂ ਘਰੇਲੂ ਰਸੋਈ ਗੈਸ ਦੀ ਕੀਮਤ ਪਿਛਲੇ ਸਾਲ 6 ਅਕਤੂਬਰ ਨੂੰ ਬਦਲੀ ਗਈ ਸੀ। ਦੱਸ ਦਈਏ ਕਿ 1 ਮਈ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਸੀ, ਕਮਰਸ਼ੀਅਲ ਐਲਪੀਜੀ ਸਿਲੰਡਰ 102.50 ਰੁਪਏ ਮਹਿੰਗਾ ਹੋ ਗਿਆ ਸੀ। 1 ਮਈ ਤੋਂ 19 ਕਿਲੋਗ੍ਰਾਮ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2253 ਰੁਪਏ ਦੇ ਵਾਧੇ ਨਾਲ 2355.50 ਰੁਪਏ ਹੋ ਗਈ।
