ਗੱਲਬਾਤ ਲਈ ਅਸੀਂ ਕਿਸਾਨਾਂ ਦੇ ਸੰਪਰਕ ’ਚ ਹਾਂ: ਖੇਤੀਬਾੜੀ ਮੰਤਰੀ

ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਅਗਲੀਆਂ ਰਣਨੀਤੀਆਂ ਦੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਨਾਲ ਵਾਰਤਾ ਦੀ ਅਗਲੀ ਤਰੀਕ ਤੈਅ ਕਰਨ ਲਈ ਸਰਕਾਰ ਉਹਨਾਂ ਨਾਲ ਸੰਪਰਕ ਵਿੱਚ ਹਨ।

ਤੋਮਰ ਨੇ ਕਿਹਾ ਕਿ ਬੈਠਕ ਯਕੀਨੀ ਰੂਪ ਨਾਲ ਹੋਵੇਗੀ ਅਸੀਂ ਕਿਸਾਨਾਂ ਦੇ ਸੰਪਰਕ ਵਿੱਚ ਹਾਂ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ। ਕਿਸਾਨ ਨੇਤਾਵਾਂ ਨੂੰ ਤੈਅ ਕਰ ਕੇ ਦੱਸਣਾ ਹੋਵੇਗਾ ਕਿ ਉਹ ਅਗਲੀ ਬੈਠਕ ਲਈ ਕਦੋਂ ਤਿਆਰ ਹਨ।
ਪ੍ਰਦਰਸ਼ਨਕਾਰੀ ਕਿਸਾਨਾਂ ਦੀ 40 ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਸਰਕਾਰ ਦੀ ਗੱਲਬਾਤ ਦੀ ਅਗਵਾਈ ਤੋਮਰ ਕਰ ਰਹੇ ਹਨ। ਇਸ ਵਿੱਚ ਉਹਨਾਂ ਨਾਲ ਕੇਂਦਰੀ ਵਣਜ ਅਤੇ ਖੁਰਾਕ ਮੰਤਰੀ ਪੀਊਸ਼ ਗੋਇਲ ਅਤੇ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨ ਅਤੇ ਕੇਂਦਰ ਵਿਚਕਾਰ ਹੋਈਆਂ 5 ਬੈਠਕਾਂ ਬੇਸਿੱਟਾ ਰਹੀਆਂ ਹਨ। ਸਰਕਾਰ ਨੇ ਕਿਸਾਨ ਸੰਘਾਂ ਨੂੰ ਇਕ ਮਸੌਦਾ ਪ੍ਰਸਤਾਵ ਉਹਨਾਂ ਦੇ ਵਿਚਾਰ ਲਈ ਭੇਜਿਆ ਹੈ ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਜਾਰੀ ਰੱਖਣ ਦਾ ਲਿਖਤੀ ਭਰੋਸਾ ਵੀ ਹੈ ਪਰ ਕਿਸਾਨ ਯੂਨੀਅਨਾਂ ਨੇ ਇਸ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਤੋਮਰ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ।
