ਗ੍ਰੰਥੀ ਸਿੰਘ ਨੇ ਕੀਤੀ 8 ਸਾਲਾ ਬੱਚੀ ਨਾਲ ਛੇੜਛਾੜ, ਦੋਸ਼ੀ ਪੁਲਿਸ ਹਿਰਾਸਤ ‘ਚ

ਬਲਾਤਕਾਰੀ ਸੌਦਾ ਸਾਧ ਲਈ ਅਰਦਾਸ ਕਰਨ ਵਾਲੇ ਬਠਿੰਡਾ ਦੇ ਪਿੰਡ ਬੀੜ ਤਲਾਅ ਦੇ ਗ੍ਰੰਥੀ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ, ਕਿ ਹੁਣ ਬਠਿੰਡਾ ਦਾ ਹੀ ਇੱਕ ਹੋਰ ਗ੍ਰੰਥੀ ਚਰਚਾ ਵਿੱਚ ਆ ਗਿਆ ਹੈ। ਜੀ ਨਹੀਂ ਇਸ ਗ੍ਰੰਥੀ ਨੇ ਬਲਾਤਕਾਰੀ ਰਾਮ ਰਹੀਮ ਨਹੀਂ ਅਰਦਾਸ ਨਹੀਂ ਕੀਤੀ, ਸਗੋਂ ਇਹ ਗ੍ਰੰਥੀ ਖੁਦ ਹੀ ਰਾਮ ਰਹੀਮ ਵਾਲੀਆਂ ਹਰਕਤਾਂ ਤੇ ਉੱਤਰ ਆਇਆ।

ਮਾਮਲਾ ਪਿੰਡ ਨੰਦਗੜ੍ਹ ਕੋਟੜਾ ਦਾ ਹੈ, ਜਿਥੇ 60 ਵਰ੍ਹਿਆਂ ਦੇ ਗ੍ਰੰਥੀ ਗੁਰਨਾਮ ਸਿੰਘ ਵੱਲੋਂ 8 ਸਾਲਾਂ ਦੀ ਮਾਸੂਮ ਬੱਚੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਛੇੜਛਾੜ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਗ੍ਰੰਥੀ ਸਿੰਘ ਨੂੰ ਕਾਬੂ ਕਰ ਕੇ ਗੁਰੂਘਰ ਅੰਦਰ ਹੀ ਬੰਨ੍ਹ ਲਿਆ ਅਤੇ ਉਸ ਦੀ ਚੰਗੀ ਆਓ ਭਗਤ ਕੀਤੀ।
ਜਾਣਕਾਰੀ ਮੁਤਾਬਕ ਦਸਵੀਂ ਦਾ ਦਿਹਾੜਾ ਹੋਣ ਕਰਕੇ 8 ਸਾਲਾਂ ਬੱਚੀ ਤੇ ਉਸ ਦਾ ਚਾਚਾ ਗੁਰੂਘਰ ਆਏ, ਬੱਚੀ ਦਾ ਚਾਚਾ ਗੁਰੂਘਰ ਵਿਖੇ ਸੇਵਾ ਕਰਨ ਲੱਗਿਆ ਅਤੇ ਬੱਚੀ ਖੇਡਦੀ ਖੇਡਦੀ ਗ੍ਰੰਥੀ ਸਿੰਘ ਦੀ ਰਿਹਾਇਸ਼ ਵੱਲ ਚਲੀ ਗਈ ਜਿਥੇ ਗ੍ਰੰਥੀ ਸਿੰਘ ਗੁਰਨਾਮ ਸਿੰਘ ਵੱਲੋਂ ਬੱਚੀ ਨੂੰ ਇਕੱਲਿਆਂ ਦੇਖ ਕੇ ਉਸ ਨਾਲ ਸਰੀਰਕ ਛੇੜਛਾੜ ਕੀਤੀ ਅਤੇ ਉਸ ਨਾਲ ਗਲਤ ਹਰਕਤਾਂ ਕੀਤੀਆਂ, ਡਰਦੀ ਹੋਈ ਬੱਚੀ ਨੇ ਭੱਜ ਕੇ ਸਾਰੀ ਘਟਨਾ ਬਾਰੇ ਆਪਣੇ ਚਾਚੇ ਨੂੰ ਦੱਸਿਆ। ਬੱਚੀ ਦੇ ਚਾਚੇ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਗੁਰਨਾਮ ਸਿੰਘ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।
ਘਟਨਾ ਤੋਂ ਬਾਅਦ ਥਾਣਾ ਬਾਲਿਆਂਵਾਲੀ ਦੇ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਚਾਚਾ ਜਸਵੰਤ ਸਿੰਘ ਦੇ ਬਿਆਨਾਂ ਦੇ ਅਧਾਰਿਤ ਕੇਸ ਦੇ ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਪਰਮਿੰਦਰ ਕੌਰ ਨੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਲਿਆ ਗਿਆ ਅਤੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਹਵਾਲਤ ’ਚ ਬੰਦ ਕਰ ਦਿੱਤਾ ਗਿਆ ਹੈ।
