ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਦੀ ਹੋਈ ਸ਼ੁਰੂਆਤ, ਖੇਤੀ ਕਾਨੂੰਨ ਹੋਵੇਗਾ ਰੱਦ!

ਸੰਸਦ ਮੈਂਬਰ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਬਾਦਲਾਂ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਮਹੀਨਿਆਂ ਬੱਧੀ ਜ਼ੋਰਦਾਰ ਵਕਾਲਤ ਕਰਕੇ ਕਿਸਾਨੀ ਦੀ ਪਿੱਠ ‘ਚ ਛੁਰੇ ਮਾਰੇ ਅਤੇ ਹੁਣ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਅਤੇ ਕਿਸੇ ਵੀ ਤਰੀਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ‘ਚ ਜੁਟੇ ਹੋਏ ਹਨ।

ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਖੁਦ ਅਪਣੀਆਂ ਰੈਲੀਆਂ ਰੱਖ ਰਹੇ ਹਨ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰ ਕੇ ਕਿਸਾਨਾਂ ਦੇ ਹਿੱਤਾਂ ਵਿੱਚ ਭਾਸ਼ਣ ਦੇ ਰਹੇ ਹਨ। ਮਾਨ ਨੇ ਅੱਗੇ ਕਿਹਾ ਕਿ, ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਹ ਖੇਤੀ ਬਿੱਲਾਂ ਦਾ ਵਿਰੋਧ ਕਰਨਗੇ ਤੇ ਕਾਨੂੰਨੀ ਲੜਾਈ ਲੜਨਗੇ ਅਤੇ ਇਹਨਾਂ ਕਿਸਾਨ ਮਾਰੂ ਘਾਤਕ ਬਿੱਲਾਂ ਨੂੰ ਹਰ ਸੰਭਵ ਤਰੀਕੇ ਨਾਲ ਵਾਪਸ ਕਰਵਾ ਕੇ ਹੀ ਦਮ ਲੈਣਗੇ।
ਜਦਕਿ ਅਸਲੀਅਤ ਇਹ ਹੈ ਕਿ ਕੈਪਟਨ-ਬਾਦਲ ਦੋਵੇਂ ਡਰਾਮਾ ਕਰ ਰਹੇ ਹਨ’। ਪਹਿਲਾਂ ਇਹਨਾਂ ਨੇ ਮਿਲ ਕੇ ਬਿੱਲ ਪਾਸ ਕਰਾਏ ਹਨ ਤੇ ਹੁਣ ਇਹ ਰੱਦ ਕਰਵਾਉਣ ਦੇ ਹੱਕ ਵਿਚ ਹਨ। ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਹੁਣ ਕਿਸਾਨਾਂ ਦੇ ਹਿਤਾਂ ਦੀ ਗੱਲ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਜਾਵੇਗੀ ਪਰੰਤੂ ਇਹ ਆਲ ਪਾਰਟੀ ਮੀਟਿੰਗ ਨਹੀਂ ਬੁਲਾਈ ਗਈ।
ਜਦਕਿ ਹਾਈਪਾਵਰ ਕਮੇਟੀ ‘ਚ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚੁਪੀਤੇ ਸਹਿਮਤੀ ਦੇ ਦਿੱਤੀ ਗਈ। ਜਰਨੈਲ ਸਿੰਘ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਹੈ ਅਤੇ ਹਮੇਸ਼ਾ ਹੀ ਕਿਸਾਨਾਂ ਦੇ ਸਮਰਥਨ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਅੱਗੇ ਵੀ ਡਟੀ ਰਹੇਗੀ।
ਇਸ ਲਈ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਗ੍ਰਾਮ ਸਭਾ ਲਿਆਓ, ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ, ਕਿਉਂਕਿ ਗ੍ਰਾਮ ਸਭਾ ਕੋਲ ਬਹੁਤ ਵੱਡੀ ਪਾਵਰ ਹੈ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ।
