ਗ੍ਰਹਿ ਮੰਤਰੀ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ, ਬੇਅਦਬੀ ਘਟਨਾਵਾਂ ਸਮੇਤ ਕਈ ਮੁੱਦਿਆਂ ‘ਤੇ ਕੀਤੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਨੂੰ ਹੋਰ ਮਜ਼ਬੂਤ ਕਰਨ ਅਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਕਾਨੂੰਨ ਵਿੱਚ ਸੋਧ ਦੀ ਮੰਗ ਕੀਤੀ।
ਅੱਜ ਕੇਂਦਰੀ ਗ੍ਰਹਿ ਮੰਤਰੀ @AmitShah ਜੀ ਨਾਲ ਮੁਲਾਕਾਤ ਕੀਤੀ ਤੇ ਸਰਹੱਦ ਤੇ ਕੰਡਿਆਲੀ ਤਾਰਾਂ ਨੂੰ ਸ਼ਿਫਟ ਕਰਨ, ਲਗਾਤਾਰ ਵਧਦੀਆਂ ਡ੍ਰੋਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਨੂੰ ਹੋਰ ਮਜ਼ਬੂਤ ਕਰਨ ਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ 'ਚ ਸੋਧ ਦੀ ਮੰਗ ਕੀਤੀ.. pic.twitter.com/S2JzVH4H66
— Bhagwant Mann (@BhagwantMann) December 9, 2022
ਇਸ ਦੇ ਨਾਲ ਹੀ ਸਰਹੱਦੀ ਖੇਤਰ ਦੀ ਸੰਵੇਦਨਸ਼ੀਲ ਅਤੇ ਡਰੋਨ ਐਕਟੀਵਿਟੀ ਦੇ ਨਾਲ-ਨਾਲ ਬਾਰਡਰ ਫੇਸਿੰਗ ਕਾਰਨ ਕਿਸਾਨਾਂ ਨੂੰ ਆ ਰਹੀ ਪਰੇਸ਼ਾਨੀ ਬਾਰੇ ਵੀ ਚਰਚਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਕਈ ਥਾਂਵਾਂ ‘ਤੇ ਫੇਸਿੰਗ ਅੰਦਰ ਵੱਲ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਉਸ ਨੂੰ ਸਿੱਧਾ ਕਰ ਦਿੱਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਫੇਸਿੰਗ ਕ੍ਰਾਸ ਕਰ ਕੇ ਖੇਤਾਂ ‘ਚ ਨਾ ਜਾਣਾ ਪਵੇ।
ਨਾਲ ਹੀ ਡਰੱਗ ਵਿਸ਼ੇ ਨੂੰ ਲੈ ਕੇ ਵੀ ਚਰਚਾ ਹੋਈ ਹੈ। ਗੁਜਰਾਤ ਚੋਣਾਂ ਦੇ ਆਏ ਨਤੀਜਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ,”ਅਸੀਂ ਜ਼ੀਰੋ ਤੋਂ 5 ‘ਤੇ ਆ ਗਏ, ਅਸੀਂ 13 ਫੀਸਦੀ ਵੋਟ ਬੈਂਕ ਲੈ ਕੇ ਆਏ ਹਾਂ। ਅਸੀਂ ਨੈਸ਼ਨਲ ਪਾਰਟੀ ਬਣ ਗਏ ਹਾਂ, ਅਸੀਂ ਫਾਸਟੈਸਟ ਗ੍ਰੋਇੰਗ ਪਾਰਟੀ ਹਾਂ। ਨੱਡਾ ਨੂੰ ਕਹੋ ਉਹ ਆਪਣਾ ਹਿਮਾਚਲ ਸੰਭਾਲਣ।”