ਗੋਲਡੀ ਬਰਾੜ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਖ਼ਬਰ ਸੱਚੀ ਹੋਵੇ, ਮੁਲਜ਼ਮਾਂ ਦਾ ਹੋਵੇ ਨਾਰਕੋ ਟੈਸਟ

ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਖ਼ਾਸ ਪ੍ਰਤੀਕਰਮ ਸਾਹਮਣੇ ਆਇਆ ਹੈ। ਸਿੱਧੂ ਦੇ ਪਿਤਾ ਨੇ ਕਿਹਾ ਕਿ ਗੋਲਡੀ ਬਰਾੜ ਬਾਰੇ ਜਾਣਕਾਰੀ ਮੀਡੀਆ ਵਿੱਚ ਆਈ ਹੈ ਪਰ ਹੁਣ ਤੱਕ ਸਰਕਾਰ ਦੇ ਕਿਸੇ ਵੀ ਵਿਅਕਤੀ ਨੇ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਉਹਨਾਂ ਕਿਹਾ ਕਿ ਵਾਹਿਗੁਰੂ ਮਿਹਰ ਕਰੇ ਤੇ ਇਹ ਖ਼ਬਰ ਸੱਚੀ ਹੋਵੇ। ਇਸ ਨਾਲ ਮਨ ਨੂੰ ਕੁਝ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਦੁਬਾਰਾ ਲਿਆ ਕੇ ਪੁੱਛਗਿੱਛ ਕੀਤੀ ਜਾਵੇ। ਉਹਨਾਂ ਕਿਹਾ ਕਿ ਮੁਲਜ਼ਮਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਹੀ ਸੱਚਾਈ ਸਾਹਮਣੇ ਆਵੇਗੀ।
ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਪਤਾ ਲੱਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਨੂੰ ਕੈਲੀਫੋਰਨੀਆ ਵਿੱਚ ਟ੍ਰੈਕ ਕੀਤਾ ਗਿਆ ਹੈ।
ਇਹ ਖ਼ਬਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਅਮਰੀਕਾ ਵਿੱਚ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ, ਇਸ ਦੇ ਲਈ ਭਾਰਤੀ ਏਜੰਸੀਆਂ ਤੋਂ ਵੀ ਇਸ ਦੀ ਫਾਈਲ ਮੰਗੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।