‘ਗੋਲਡਨ ਹੱਟ’ ਵਾਲੇ ਰਾਣਾ ਦੇ ਹੱਕ ’ਚ ਨਿੱਤਰਿਆ ਸਿੱਖ ਭਾਈਚਾਰਾ

ਕਿਸਾਨ ਅੰਦੋਲਨ ਨਾਲ ਹੁਣ ਹਰ ਵਰਗ ਡਟਿਆ ਹੋਇਆ ਹੈ। ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਨੇ ਕਿਸਾਨਾਂ ਦੀ ਮਦਦ ਲਈ ਹਰ ਕਦਮ ਚੁੱਕਿਆ ਹੈ। ਪਰ ਉਹ ਆਪ ਹੀ ਵਿਵਾਦਾਂ ਵਿੱਚ ਘਿਰ ਗਏ ਹਨ। ਹੁਣ ਉਹਨਾਂ ਦੇ ਨਾਲ ਸਿੱਖ ਭਾਈਚਾਰਾ ਵੀ ਡੱਟ ਗਿਆ ਹੈ। ਸਰਕਾਰੀ ਪ੍ਰਸ਼ਾਸਨ ਵੱਲੋਂ ਕੁਰੂਕਸ਼ੇਤਰ ਵਿੱਚ ਜੀਟੀ ਰੋਡ ਤੇ ਸਥਿਤ ਹੋਟਲ ਗੋਲਡਨ ਹੱਟ ਸਾਹਮਣੇ ਸੀਮਿੰਟ ਦੇ ਬੈਰੀਕੇਡ ਲਾ ਕੇ ਰਸਤਾ ਰੋਕ ਦਿੱਤਾ ਗਿਆ ਜਿਸ ਪਿੱਛੋਂ ਸਿੱਖ ਭਾਈਚਾਰਾ ਰਾਣਾ ਦੇ ਹੱਕ ਵਿੱਚ ਡੱਟ ਗਿਆ।
ਉੱਥੇ ਹੀ ਸ਼੍ਰੋਮਣੀ ਅਕਾਲੀ ਤਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਕੁਰੂਕਸ਼ੇਤਰ ਰਾਣਾ ਸਿੰਘ ਨੂੰ ਮਿਲਣ ਪਹੁੰਚੇ ਹਨ। ਹੋਰ ਵੀ ਦੇਸ਼-ਵਿਦੇਸ਼ ਤੋਂ ਲੋਕ ਰਾਣਾ ਦੀ ਹਮਾਇਤ ਕਰ ਰਹੇ ਹਨ ਤੇ ਉਹਨਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦੇ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੋਰਚੇ ਨੂੰ ਖ਼ਤਮ ਕਰਨ ਲਈ ਘਟੀਆ ਰਾਜਨੀਤੀ ਤੇ ਉਤਰ ਆਈ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਉਹਨਾਂ ਨੇ ਰਾਮ ਸਿੰਘ ਰਾਣਾ ਨੂੰ ਸਿਰੋਪਾਓ ਪਾ ਕੇ ਸਨਮਾਨਿਆ ਅਤੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਦੇ ਪਰਿਵਾਰ ਦੀ ਰਾਖੀ ਕਰੇਗਾ। ਦਰਅਸਲ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਉਸ ਦੇ ਹੋਟਲ ਦੇ ਬਾਹਰ ਬੈਰੀਕੇਡ ਲਵਾ ਦਿੱਤੇ ਸਨ ਤਾਂ ਕਿ ਜੀਟੀ ਰੋਡ ਤੋਂ ਲੰਘਣ ਵਾਲੇ ਵਾਹਨ ਉਸ ਕੋਲ ਨਾ ਰੁਕ ਸਕਣ ਤੇ ਉਸ ਦਾ ਕਾਰੋਬਾਰ ਠੱਪ ਹੋ ਜਾਵੇ।
ਰਾਣਾ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਹੱਕ ਮੰਗ ਰਹੇ ਕਿਸਾਨਾਂ ਦੀ ਸੇਵਾ ਕੀਤੀ ਹਹੈ। ਇਹਨਾਂ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜੋ ਕਾਨੂੰਨ ਮੁਤਾਬਕ ਕੋਈ ਗੁਨਾਹ ਨਹੀਂ। ਪਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
