ਗੁੱਸੇ ‘ਚ ਆਏ ਲੋਕਾਂ ਨੇ ਭਾਜਪਾ ਆਗੂ ਨੂੰ ਸੀਵਰੇਜ ਦੇ ਗੰਦੇ ਪਾਣੀ ‘ਚ ਤੋਰਿਆ

ਪੰਜਾਬ, ਹਰਿਆਣਾ, ਰਾਜਸਥਾਨ ਸਣੇ ਯੂਪੀ ‘ਚ ਭਾਜਪਾ ਆਗੂਆਂ ਨੂੰ ਦਾ ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਯੂਪੀ ‘ਚ ਭਾਜਪਾ ਦੇ ਵਿਧਾਇਕ ਕਮਲ ਮਲਿਕ ਦਾ ਲੋਕਾਂ ਨੇ ਪਿੰਡ ਦੇ ਵਿਕਾਸ ਕਾਰਜ ਨਾ ਕਰਵਾਉਣ ਨੂੰ ਲੈ ਤਿੱਖਾ ਵਿਰੋਧ ਕੀਤਾ ਹੈ। ਭਾਜਪਾ ਵਿਧਾਇਕ ਨੂੰ ਸੜਕ ‘ਤੇ ਇਕੱਠੇ ਹੋਏ ਸੀਵਰੇਜ ਦੇ ਪਾਣੀ ਵਿੱਚ ਚਲਵਾਇਆ ਗਿਆ।

ਇਲਜ਼ਾਮ ਹਨ ਕਿ ਵਿਧਾਇਕ ਬਣਨ ਤੋਂ ਬਾਅਦ 4 ਸਾਲ ਕਮਲ ਮਲਿਕ ਨਾਨਈ ਪਿੰਡ ਵਿਚ ਨਾ ਤਾਂ ਆਏ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਕੰਮ ਕੀਤਾ ਗਿਆ ਪਰ ਹੁਣ 2022 ‘ਚ ਹੋਣ ਵਾਲੀਆਂ ਵਿਧਾਨ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਜਿਵੇਂ ਹੀ ਪਿੰਡ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਨੂੰ ਜ਼ੋਰ ਸ਼ੋਰ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦਾ ਭਾਰੀ ਵਿਰੋਧ ਕੀਤਾ। ਦੱਸ ਦਈਏ ਕਿ ਜਿਵੇਂ ਕਮਲ ਮਲਿਕ ਪਿੰਡ ‘ਚ ਪਹੁੰਚੇ ਤਾਂ ਲੋਕਾਂ ਵੱਲੋਂ ਪਿੰਡ ਦੇ ਹਾਲਤਾਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਮੀਂਹ ਪੈਣ ‘ਤੇ ਸੜਕਾਂ ‘ਤੇ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਲੋਕਾਂ ਵੱਲੋਂ ਇਲਜ਼ਾਮ ਲਾਏ ਗਏ ਕਿ ਨਾ ਤਾਂ ਭਾਜਪਾ ਆਗੂ ਵੱਲੋਂ ਪਿੰਡ ਦੀਆਂ ਸੜਕਾਂ ਬਣਾਈਆਂ ਗਈਆਂ ਅਤੇ ਨਾਹੀ ਪਾਣੀ ਦੇ ਨਿਕਾਸ ਲਈ ਕੋਈ ਖਾਸ ਪ੍ਰਬੰਧ ਕੀਤੇ ਗਏ। ਇਸ ਦੌਰਾਨ ਪਿੰਡ ਵਾਸੀਆਂ ਨੇ ਭਾਜਪਾ ਆਗੂ ਨੂੰ ਖਰੀਆਂ ਖਰੀਆਂ ਸੁਣਾਈਆਂ ਜਿਸ ਤੋਂ ਬਾਅਦ ਭਾਜਪਾ ਆਗੂ ਮਲਿਕ ਨੇ ਲੋਕਾਂ ਨੂੰ ਪਿੰਡ ਦਾ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ।
