ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਹਾੜੇ ’ਤੇ ਨਨਕਾਣਾ ਸਾਹਿਬ ਜਾਵੇਗਾ ਵਿਸ਼ੇਸ਼ ਸਿੱਖ ਜੱਥਾ

ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਵਸ ਮੌਕੇ 27 ਨਵੰਬਰ ਤੋਂ 1 ਦਸੰਬਰ ਤੱਕ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭਾਰਤ ਵਿਸ਼ੇਸ਼ ਸਿੱਖ ਜੱਥਾ ਭੇਜੇਗਾ। ਦਸ ਦਈਏ ਕਿ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ਲਈ ਅਜੇ ਕੋਈ ਕਦਮ ਨਹੀਂ ਚੱਲ ਰਿਹਾ।

ਇਸ ਬਾਰੇ ਐਮਈਏ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਸੰਕੇਤ ਦਿੱਤੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ। ਕੋਰੋਨਾ ਵਾਇਰਸ ਦੀ ਜਦੋਂ ਭਾਰਤ ਵਿੱਚ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਕਈ ਧਾਰਮਿਕ ਸਥਾਨਾਂ ਨੂੰ ਤਾਲੇ ਲਗਾ ਦਿੱਤੇ ਗਏ ਸਨ।
ਲੋਕਾਂ ਦੇ ਭੀੜ ਵਾਲੀ ਥਾਂ ਤੇ ਜਾਣ ਤੇ ਰੋਕ ਲਗਾਈ ਗਈ ਸੀ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਸਿਹਤ ਨਾਲ ਜੁੜੇ ਸਾਰੇ ਪ੍ਰੋਟੋਕੋਲਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਦਸ ਦਈਏ ਕਿ ਪਾਕਿਸਤਾਨ ਨੇ ਜੂਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਕਤਰਫ਼ਾ ਲਾਂਘਾ ਖੋਲ੍ਹਿਆ ਸੀ ਪਰ ਮਹਾਂਮਾਰੀ ਦੇ ਚਲਦੇ ਭਾਰਤ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਪਾਕਿਸਤਾਨ ਵੱਲੋਂ ਮੁੜ ਤੋਂ ਅਕਤੂਬਰ ਮਹੀਨੇ ਵਿੱਚ ਦੁਬਾਰਾ ਇਹ ਪੇਸ਼ਕਸ਼ ਕੀਤੀ ਗਈ ਸੀ ਪਰ ਐਮਈਏ ਨੇ ਦਸਿਆ ਸੀ ਕਿ ਕੋਵਿਡ ਦੇ ਕਹਿਰ ਦੇ ਮੱਦੇਨਜ਼ਰ ਇਹ ਰੱਦ ਕਰ ਦਿੱਤਾ ਗਿਆ ਸੀ।
ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਪੂਰੀਆਂ ਚੱਲ ਰਹੀਆਂ ਹਨ। ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਜਾਉਣ ਲਈ ਵੱਖ-ਵੱਖ ਕਿਸਮ ਦੇ ਫੁੱਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
