ਅੱਜ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਹੈ ਜਿਸ ਨੂੰ ਸੰਗਤਾਂ ਬੜੀ ਸ਼ਰਧਾ-ਭਾਵਨਾ ਨਾਲ ਮਨਾ ਰਹੀਆਂ ਹਨ। ਇਸ ਮੌਕੇ ਪੰਜਾਬ ਸਰਕਾਰ ਨੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਤੋਹਫ਼ਾ ਦਿੰਦਿਆਂ ਹਰੇਕ ਘਰ ਅਤੇ ਜਾਇਦਾਦ ਨੂੰ ਯੁਨੀਕ ਪਛਾਣ ਨੰਬਰ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵੱਲ ਇਹ ਪਹਿਲਾ ਕਦਮ ਪੁੱਟਿਆ ਗਿਆ ਹੈ। ਇਸ ਕੰਮ ਦੀ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ੁਰੂਆਤ ਕਰਵਾਈ ਗਈ। ਚੀਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ।
ਇਸ ਪ੍ਰਾਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਰੇਕ ਘਰ ਅਤੇ ਜਾਇਦਾਦ ਨੂੰ ਇਹ ਨੰਬਰ ਜਾਰੀ ਹੋਣ ਨਾਲ ਜਿੱਥੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਠੱਲ੍ਹ ਪਵੇਗੀ ਉੱਥੇ ਹੀ ਹਰੇਕ ਘਰ ਅਤੇ ਜਾਇਦਾਦ ਦੀ ਅਸਲ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਸ਼ਾਸ਼ਨ ਕੋਲ ਰਹੇਗੀ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਹਰ ਘਰ ਅਤੇ ਜਾਇਦਾਦ ਨੂੰ ਯੁਨੀਕ ਨੰਬਰ ਲਾਏ ਜਾ ਰਹੇ ਹਨ। ਸ਼ਹਿਰ ਵਿੱਚ 6500 ਦੇ ਕਰੀਬ ਯੁਨੀਕ ਨੰਬਰ ਜਾਰੀ ਕੀਤੇ ਜਾਣਗੇ। ਨੰਬਰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ।
ਇਕ ਜਾਇਦਾਦ ਨੂੰ ਇਕ ਕਾਰਡ ਅਤੇ ਇਕ ਸਟਿੱਕਰ ਜਾਰੀ ਕੀਤਾ ਜਾ ਰਿਹਾ ਹੈ। ਕਾਰਡ ਪਰਿਵਾਰ ਦੇ ਮੁਖੀ ਕੋਲ ਰਹੇਗਾ ਜਦਕਿ ਸਟਿੱਕਰ ਉਸ ਦੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇਸ ਕਾਰਡ/ਨੰਬਰ ਤੋਂ ਕਿਤੋਂ ਵੀ ਗੂਗਲ ਰਾਹੀਂ ਸਰਚ ਕੀਤਾ ਜਾ ਸਕਦਾ ਹੈ।
ਇਸ ਕਾਰਡ/ਨੰਬਰ ਦੇ ਨਾਲ ਮਾਲਕ ਦਾ ਨਾਮ, ਐਡਰੈੱਸ, ਜਾਇਦਾਦ ਦਾ ਵੇਰਵਾ ਤੇ ਕਿਸਮ, ਸੰਪਰਕ ਨੰਬਰ, ਕੁੱਲ ਮੰਜ਼ਿਲਾਂ ਦੀ ਗਿਣਤੀ, ਘਰ ਦੇ ਮੈਂਬਰ, ਉਸਾਰੀ ਦੀ ਸਥਿਤੀ, ਘਰ ਵਿਚ ਕੋਈ ਰਹਿੰਦਾ ਹੈ ਜਾਂ ਨਹੀਂ ਆਦਿ ਜਾਣਕਾਰੀ ਦਰਜ ਕੀਤੀ ਗਈ ਹੈ।
