ਗੁਰਹਰਸਹਾਏ ਪਹੁੰਚੇ ਸੁਖਬੀਰ ਨੇ ਕਾਲਜ ਤੋਂ ਲੈ ਕੇ ਸਪੈਸ਼ਲ ਇੰਡਸਟਰੀ ਖੋਲ੍ਹਣ ਤੱਕ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਹਰਸਹਾਏ ਉਮੀਦਵਾਰ ਨੌਨੀ ਮਾਨ ਦੇ ਹੱਕ ਵਿੱਚ ਰੈਲੀ ਕੀਤੀ। ਸੁਖਬੀਰ ਬਾਦਲ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਲਾਏ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਿਆ। ਸੁਖਬੀਰ ਬਾਦਲ ਨੇ ਐਲਾਨ ਕਰਦੇ ਹੋਏ ਕਿਹਾ ਕਿ, “ਅਕਾਲੀ-ਬਸਪਾ ਦੀ ਸਰਕਾਰ ਆਉਣ ਤੇ ਪਹਿਲੇ ਮਹੀਨੇ ਵਿੱਚ ਹੀ ਗੁਰਹਰਸਹਾਏ ਵਿੱਚ ਕੁੜੀਆਂ ਦੇ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, “ਹਰ ਫ਼ਸਲ ਦਾ ਬੀਮਾ ਕੀਤਾ ਜਾਵੇਗਾ। ਜੇ ਕਿਸੇ ਕਿਸਾਨ ਦੇ ਇੱਕ ਕਿੱਲਾ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਫ਼ਸਲ ਦਾ 50 ਹਜ਼ਾਰ ਤੱਕ ਦਾ ਬੀਮਾ ਕੀਤਾ ਜਾਵੇਗਾ।” ਇਸ ਤੋਂ ਇਲਾਵਾ ਉਹਨਾਂ ਬਾਰਡਰ ਦੇ ਇਲਾਕਿਆਂ ਤੇ ਸਪੈਸ਼ਲ ਇੰਡਸਟਰੀ ਖੋਲ੍ਹਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਜੇ ਪੰਜਾਬ ਦਾ ਵਿਕਾਸ ਕੀਤਾ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੇ ਕੀਤਾ ਹੈ ਅਤੇ ਕਾਂਗਰਸ ਸਰਕਾਰ ਸਿਰਫ਼ ਪੈਸਾ ਕਮਾਉਣ ਵਿੱਚ ਹੀ ਲੱਗੀ ਹੋਈ ਹੈ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਵੀ ਬੇਹੱਦ ਮਾੜੀ ਹੋਈ ਪਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਜਿਹੜੇ ਅਫ਼ਸਰਾਂ ਨੇ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਸੁਖਬੀਰ ਬਾਦਲ ਨੇ ਅਰਵਿੰਦ ਕੇਜਰੀਵਾਲ ਤੇ ਤੰਜ ਕੱਸਦੇ ਹੋਏ ਕਿਹਾ ਕਿ, “ਕੇਜਰੀਵਾਲ ਪੰਜਾਬ ਦੀ ਜਨਤਾ ਤੋਂ ਇੱਕ ਮੌਕਾ ਮੰਗ ਰਹੇ ਹਨ ਪਰ ਕੀ ਕੇਜਰੀਵਾਲ ਪਿਛਲੇ 5 ਸਾਲਾਂ ਵਿੱਚ ਪੰਜਾਬ ਆਏ ਹਨ।
ਜੇ ਕੇਜਰੀਵਾਲ ਨੂੰ ਮੌਕਾ ਦੇ ਦਿੱਤਾ ਤਾਂ ਇਸ ਨੇ ਪੰਜਾਬ ਦਾ ਪਾਣੀ ਵੀ ਲੈ ਜਾਣਾ ਹੈ।” ਉਹਨਾਂ ਕਿਹਾ ਕਿ, “ਚੋਣ ਮੈਦਾਨ ਵਿੱਚ ਮੁੱਖ ਮੁਕਾਬਲੇ ਦੇ ਤੌਰ ਤੇ 4 ਪਾਰਟੀਆਂ ਮੈਦਾਨ ਵਿੱਚ ਹਨ ਪਰ ਚਾਰੋਂ ਪਾਰਟੀਆਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜੋ ਪੰਜਾਬ ਦੀ ਹੈ। ਬਾਕੀ ਤਿੰਨੋਂ ਪਾਰਟੀਆਂ ਦੇ ਫ਼ੈਸਲੇ ਤਾਂ ਦਿੱਲੀ ਤੋਂ ਹੁੰਦੇ ਹਨ।”
