ਗੁਜਰਾਤ ਦੇ ਕੋਵਿਡ ਹਸਪਤਾਲ ’ਚ ਲੱਗੀ ਭਿਆਨਕ ਅੱਗ, 18 ਦੀ ਮੌਤ

ਗੁਜਰਾਤ ਦੇ ਭਰੂਚ ਸਥਿਤ ਇਕ ਹਸਪਤਾਲ ਵਿੱਚ ਅੱਗ ਲੱਗੀ ਹੈ। ਸੂਬੇ ਦੀ ਰਾਜਧਾਨੀ ਅਹਿਮਦਾਬਾਦ ਤੋਂ ਕਰੀਬ 190 ਕਿਲੋਮੀਟਰ ਦੂਰ ਸਥਿਤ ਹਸਪਤਾਲ ‘ਚ ਅੱਗ ਲੱਗਣ ਤੋਂ ਬਾਅਦ ਕੋਰੋਨਾ ਦੇ ਘੱਟੋ-ਘੱਟ 18 ਮਰੀਜ਼ਾਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਨੇ ਕਿਹਾ,”ਅੱਗ ਇੰਨੀ ਭਿਆਨਕ ਸੀ ਕਿ ਆਈ.ਸੀ.ਯੂ. ਵਾਰਡ ਸੜ ਕੇ ਸੁਆਹ ਹੋ ਗਿਆ। ਵੈਂਟੀਲੇਟਰ ਅਤੇ ਦਵਾਈਆਂ ਰੱਖਣ ਲਈ ਫਰਿੱਜ ਦੇ ਨਾਲ ਹੀ ਬਿਸਤਰਿਆਂ ਸਮੇਤ ਅੰਦਰ ਰੱਖੇ ਸਾਰੇ ਉਪਕਰਣ ਪੂਰੀ ਤਰ੍ਹਾਂ ਸੜਕ ਗਏ।”

ਜਾਨ ਗੁਆਉਣ ਵਾਲਿਆਂ ਦੇ ਰਿਸ਼ਤੇਦਾਰ ਸ਼ਨੀਵਾਰ ਨੂੰ ਇਮਾਰਤ ਦੇ ਬਾਹਰ ਰੋਂਦੇ-ਕੁਰਲਾਉਂਦੇ ਨਜ਼ਰ ਆਏ, ਜੋ ਕਿ ਹਾਦਸੇ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਵੈਲਫੇਅਰ ਹਸਪਤਾਲ ਦੇ ਬਾਹਰ ਭੱਜ ਦੌੜ ਦਿੱਸੀ ਜਿੱਥੇ ਅਧਿਕਾਰੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।
ਹਸਪਤਾਲ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਹਨਾਂ ਵਿੱਚ ਲਾਸ਼ਾਂ ਬਿਸਤਰਿਆਂ ਤੇ ਸੜੀਆਂ ਹੋਈਆਂ ਨਜ਼ਰ ਆਈਆਂ। ਹਸਪਤਾਲ ਕੰਪਲੈਕਸ ਵਿੱਚ ਐਂਬੂਲੈਂਸ ਅਤੇ ਅੱਗ ਬੁਝਾਊ ਗੱਡੀਆਂ ਦੇ ਸਾਇਰਨ ਸੁਣਾਈ ਪੈ ਰਹੇ ਸਨ ਅਤੇ ਜ ਉੱਥੇ ਅੱਗ ਬੁਝਾਉਣ ਦੇ ਨਾਲ ਹੀ ਅੱਗ ਵਿੱਚ ਸੁਰੱਖਿਅਤ ਬਚੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਣ ਦਾ ਕੰਮ ਕਰ ਰਹੀਆਂ ਸਨ।
ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਦੇ ਨਾਲ ਹੀ ਕਈ ਸਥਾਨਕ ਲੋਕ ਮਰੀਜ਼ਾਂ ਨੂੰ ਬਾਹਰ ਕੱਢ ਰਹੇ ਹਨ ਅਤੇ ਐਂਬੂਲੈਂਸ ਵਾਹਨਾਂ ਵਿੱਚ ਪਹੁੰਚਾ ਰਹੇ ਹਨ। ਉਧਰ ਇਸ ਘਟਨਾ ਤੋਂ ਬਾਅਦ ਗੁਜਰਾਤ ਸਰਕਾਰ ਨੇ ਹਾਦਸੇ ਵਿੱਚ ਮਾਰੇ ਗਏ ਮਰੀਜ਼ਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਇਸ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ਾਂ ਨੁੰ ਰੱਖਿਆ ਗਿਆ ਸੀ ਅਤੇ ਸੂਬਾ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਕੋਵਿਡ ਸੈਂਟਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
